ਸੰਗਰੂਰ ਵਿੱਚ ਕਾਂਗਰਸ ਵੱਲੋਂ ਹਸਤਾਖ਼ਰ ਮੁਹਿੰਮ ਦਾ ਆਗਾਜ਼
ਸੰਗਰੂਰ ’ਚ ਕਾਂਗਰਸ ਵੱਲੋਂ ਅੱਜ ‘ਵੋਟ ਚੋਰ ਗੱਦੀ ਛੋੜ’ ਹਸਤਾਖ਼ਰ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੰਯੁਕਤ ਖਜ਼ਾਨਚੀ ਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਹਲਕਾ ਸੰਗਰੂਰ ਤੋਂ ਵੱਡੀ ਤਾਦਾਦ ’ਚ ਜੁੜੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਹਸਤਾਖ਼ਰ ਕੀਤੇ ਗਏ। ਸਿੰਗਲਾ ਨੇ ਦਾਅਵਾ ਕੀਤਾ ਕਿ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਿਹਰੇ ਦੇ ਤਿਉਹਾਰ ਮੌਕੇ ਸ਼ੁਰੂ ਕੀਤੀ ਮੁਹਿੰਮ ਲੋਕਤੰਤਰ ਉਪਰ ਛਾਈ ਬਦੀ ’ਤੇ ਕਰਾਰੀ ਚੋਟ ਸਾਬਤ ਹੋਵੇਗੀ। ਉਨ੍ਹਾਂ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਹਰ ਵਰਗ ਦੇ ਲੋਕਾਂ ਨੂੰ ਹਸਤਾਖ਼ਰ ਮੁਹਿੰਮ ਨਾਲ ਜੁੜਨ ਦਾ ਸੱਦਾ।
ਹਸਤਾਖ਼ਰ ਮੁਹਿੰਮ ਦੇ ਆਗਾਜ਼ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣ ਕਮਿਸ਼ਨ ਨਾਲ ਮਿਲ ਕੇ ਹਰ ਸੂਬੇ ਵਿੱਚ ਵੋਟਾਂ ਆਪਣੇ ਹੱਕ ’ਚ ਭੁਗਤਾਉਣ ਲਈ ਕਿਵੇਂ ਵੋਟਾਂ ਨੂੰ ਚੋਰੀ ਕਰ ਰਹੀ ਹੈ ਜਿਸ ਨਾਲ ਲੋਕਤੰਤਰ ਅਤੇ ਸੰਵਿਧਾਨ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਕਾਂਗਰਸ ਪਾਰਟੀ ਦੇ ਕੌਮੀ ਆਗੂ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੰਜ ਕਰੋੜ ਲੋਕਾਂ ਦੇ ਹਸਤਾਖ਼ਰ ਕਰਵਾ ਕੇ ਦੇਸ਼ ਦੇ ਰਾਸ਼ਟਰਪਤੀ ਅਤੇ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਸੰਗਰੂਰ ਹਲਕੇ ’ਚ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਹਲਕੇ ਦੇ 30 ਹਜ਼ਾਰ ਲੋਕਾਂ ਦੇ ਹਸਤਾਖ਼ਰ ਕਰਵਾ ਕੇ 10 ਅਕਤੂਬਰ ਤੱਕ ਪਾਰਟੀ ਨੂੰ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਪਾਰਟੀ ਨਾਲ ਸਬੰਧਤ ਹਲਕੇ ਦੇ ਪੰਚਾਂ-ਸਰਪੰਚਾਂ, ਸ਼ਹਿਰਾਂ ਦੇ ਨਗਰ ਕੌਂਸਲਰਾਂ, ਪਾਰਟੀ ਆਗੂਆਂ ਨਾਲ ਸਲਾਹ-ਮਸ਼ਵਰਾ ਕਰਕੇ ਫਾਰਮ ਵੰਡ ਦਿੱਤੇ ਗਏ ਹਨ। ਇਹ ਮੁਹਿੰਮ ਨੌਜਵਾਨਾਂ ਅਤੇ ਹਾਸ਼ੀਏ ਤੇ ਧੱਕੇ ਗਏ ਲੋਕਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਜਾਵੇ।
ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਕਰੀਬ 15/20 ਦਿਨਾਂ ਵਿੱਚ ਹੋ ਜਾਵੇਗੀ ਕਿਉਂਕਿ ਪਾਰਟੀ ਅਬਜ਼ਰਵਰ ਵੱਲੋਂ ਜ਼ਿਲ੍ਹਾ ਸੰਗਰੂਰ ’ਚ ਮੀਟਿੰਗਾਂ ਦਾ ਦੌਰ ਮੁਕੰਮਲ ਕਰ ਲਿਆ ਹੈ। ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਲੋਕ ਹੜ੍ਹ ਪੀੜ੍ਹਤਾਂ ਦੀ ਮਦਦ ਕਰਨਾ ਜਾਂ ਦਾਨ ਦੇਣਾ ਚਾਹੁੰਦੇ ਹਨ, ਉਹ ਖੁਦ ਲੋੜਵੰਦਾਂ ਤੱਕ ਪਹੁੰਚਾਉਣ ਤਾਂ ਜੋ ਮਦਦ ਸਹੀ ਜਗ੍ਹਾ ਲੱਗ ਸਕੇ।