ਕਾਂਗਰਸ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ
ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ ਖਿਲਾਫ ਅੱਜ ਕਾਂਗਰਸ ਪਾਰਟੀ ਦੇ ਹਲਕਾ ਸਨੌਰ ਤੋਂ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਰਹਿਨੁਮਾਈ ਅਤੇ ਜੋਗਿੰਦਰ ਸਿੰਘ ਕਾਕੜਾ ਦੀ ਅਗਵਾਈ ਹੇਠ ਅੱਜ ਭੁਨਰਹੇੜੀ ਤੋਂ ਪਟਿਆਲਾ ਲਈ ਟਰੈਕਟਰ ਮਾਰਚ ਕੱਢਿਆ ਗਿਆ ਅਤੇ ‘ਆਪ’ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਜੋਗਿੰਦਰ ਸਿੰਘ ਕਾਕੜਾ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਹ ਨੀਤੀ ਸਿੱਧੀ ਤਰ੍ਹਾਂ ਕਿਸਾਨੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਕਿਸਾਨ ਦੀ ਰੂਹ ਹੈ ਤੇ ਜੇਕਰ ਕਿਸਾਨੀ ’ਤੇ ਹੱਲ ਚਲਾਉਣ ਦੀ ਕੋਸ਼ਿਸ਼ ਹੋਈ ਤਾਂ ਕਾਂਗਰਸ ਪਾਰਟੀ ਹਰ ਮੰਚ ’ਤੇ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਦੋਸ਼ ਲਾਏ ਕਿ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਦੀ ਜ਼ਮੀਨ ਨੂੰ ਖੋਹ ਕੇ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ, ਜੋ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ। ਕਾਕੜਾ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੱਕ ਇਹ ਨੀਤੀ ਵਾਪਸ ਨਹੀਂ ਲੈਂਦੀ ਤਦ ਤੱਕ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨੀਤੀ ਨਾ ਸਿਰਫ਼ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕੰਗਾਲ ਕਰੇਗੀ, ਸਗੋਂ ਪੰਜਾਬ ਦੇ ਖੇਤੀ ਨਿਰਭਰ ਅਰਥਚਾਰੇ ਨੂੰ ਵੀ ਗੰਭੀਰ ਝਟਕਾ ਦੇਵੇਗੀ। ਕਾਕੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਕਿਸਾਨ, ਲਾਭਪਾਤਰੀ ਅਤੇ ਜ਼ਮੀਨ ਮਾਲਕ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋਈ ਤਾਂ ਅੰਦਰੂਨੀ ਇਨਕਲਾਬ ਜਨਮ ਲਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਜ਼ਮੀਨ ਨਾਲ ਸਬੰਧਿਤ ਹਰ ਫੈਸਲੇ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੇ ਨਾ ਕਿ ਉਨ੍ਹਾਂ ਉੱਤੇ ਇਕਤਰਫਾ ਨੀਤੀਆਂ ਥੋਪੇ। ਇਸ ਮੌਕੇ ਟਰੈਕਟਰ ਮਾਰਚ ਵਿੱਚ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂਪੁਰ, ਹਰਵੀਰ ਸਿੰਘ ਥਿੰਦ ਬਲਾਕ ਪ੍ਰਧਾਨ ਭੁੱਨਰਹੇੜੀ, ਰਣਧੀਰ ਸਿੰਘ ਦੇਵੀਨਗਰ, ਸੋਨੀ ਨਿਜਾਮਪੁਰ, ਲੱਖਾ ਸਿੰਘ ਸ਼ਾਦੀਪੁਰ, ਤਿਲਕ ਰਾਜ ਸ਼ਰਮਾ, ਜਰਨੈਲ ਸਿੰਘ ਚੂੰਹਟ, ਸੁਰਿੰਦਰ ਸਿੰਘ ਸਵਾਈ ਸਿੰਘ ਵਾਲਾ, ਸੁਖਦੇਵ ਸਿੰਘ ਮੀਰਾਂਪੁਰ, ਗੁਰਜੰਟ ਸਿੰਘ ਨਿਜਾਮਪੁਰ, ਸੁੱਖਾ ਖਤੋਲੀ, ਰਣਧੀਰ ਸਿੰਘ ਕਪੂਰੀ, ਸੁਖਵੰਤ ਸਿਘ ਮਹਿਮੂਦਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਾਂਗਰਸੀ ਵਰਕਰ ਅਤੇ ਆਗੂ ਸ਼ਾਮਿਲ ਸਨ।