ਦੂਰ ਡਿਊਟੀਆਂ ਲਗਾਉਣ ਦੀ ਨਿਖੇਧੀ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਜ਼ਿਲ੍ਹਾ ਪਰਿਸ਼ਦ/ਬਲਾਕ ਸਮਿਤੀ ਚੋਣਾਂ ਵਿੱਚ ਇਸ ਵਾਰ ਸਰਕਾਰੀ ਮੁਲਾਜ਼ਮਾਂ ਦੇ ਆਪੋ-ਆਪਣੇ ਹਲਕੇ ਦੇ ਪਿੰਡਾਂ ਦੀ ਥਾਂ ਦੂਰ-ਦੁਰਾਡੇ ਹਲਕਿਆਂ ’ਚ ਡਿਊਟੀਆਂ ਲਗਾਉਣ ਦੀ ਨਿਖੇਧੀ ਕਰਦਿਆਂ ਅਜਿਹੇ ਅਧਿਆਪਕ ਵਿਰੋਧੀ ਫ਼ੈਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਕਿਹਾ ਕਿ ਸਮੂਹ ਅਧਿਆਪਕ ਜਥੇਬੰਦੀਆਂ ਇਸ ਗੱਲ ’ਤੇ ਇੱਕ ਮਤ ਹਨ ਕਿ ਆਪੋ-ਆਪਣੇ ਹਲਕਿਆਂ ਦੀ ਥਾਂ ਪੰਜਾਹ ਤੋਂ ਸੌ ਕਿਲੋਮੀਟਰ ਦੂਰ-ਦੁਰਾਡੇ ਡਿਊਟੀਆਂ ਦੇਣ ਲਈ ਚੋਣ ਪ੍ਰਕਿਰਿਆ ਖ਼ਾਸ ਤੌਰ ’ਤੇ ਮਹਿਲਾਂ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਛੋਟੇ ਪਰਿਵਾਰਾਂ ‘ਚ ਮਹਿਲਾਂ ਅਧਿਆਪਕਾਂ ਨੂੰ ਆਪਣੇ ਬੱਚਿਆਂ ਜਾਂ ਬਿਰਧ ਮਾਪਿਆਂ ਨੂੰ ਘਰਾਂ ‘ਚ ਛੱਡ ਕੇ ਦੂਰ-ਦੁਰਾਡੇ ਜਾ ਕੇ ਡਿਊਟੀਆਂ ਦੇਣ ਦੀ ਇਹ ਪ੍ਰਕਿਰਿਆ ਠੀਕ ਨਹੀਂ। ਅਧਿਆਪਕ ਆਗੂ ਕੁਲਵਿੰਦਰ ਸਿੰਘ ਖੇੜੀ ਅਤੇ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਦੋਸ਼ ਪੂਰਨ ਨੀਤੀ ਕਾਰਨ ਹੀ ਅਧਿਆਪਕ ਡਿਊਟੀਆਂ ਕਟਵਾਉਣ ਨੂੰ ਤਰਜ਼ੀਹ ਦਿੰਦੇ ਹਨ।
ਡਿਊਟੀ ਕਟਵਾਉਣ ਲਈ ਅਧਿਕਾਰੀ ਨਹੀਂ ਲੱਭੇ
ਬੇਨੜਾ ਕਾਲਜ ਵਿੱਚ ਚੋਣਾਂ ’ਚ ਅਧਿਆਪਕਾਂ ਤੇ ਹੋਰ ਵਿਭਾਗਾਂ ਦੇ ਅਮਲੇ ਦੀ ਲਗਾਈ ਗਈ ਚੋਣ ਟ੍ਰੇਨਿੰਗ (ਰਿਹਰਸਲ) ਦੌਰਾਨ ਇੱਕ ਸੌ ਫ਼ੀਸਦੀ ਅਪੰਗ ਬੱਚੇ ਦੇ ਮਾਪਿਆਂ ਦਾ ਜੋੜਾ ਬੱਚੇ ਦੀ ਦੇਖਭਾਲ ਲਈ ਇੱਕ ਦੀ ਕਟਵਾਉਣ ਲਈ ਤਕਰੀਬਨ ਡੇਢ ਘੰਟਾਂ ਆਪਣੇ ਬੱਚੇ ਨੂੰ ਵ੍ਹੀਲ ਚੇਅਰ ’ਤੇ ਲੈ ਕੇ ਯੂਨੀਵਰਸਿਟੀ ਕਾਲਜ ਬੇਨੜਾ ਤੇ ਤਹਿਸੀਲ ਧੂਰੀ ਦੇ ਚੱਕਰ ਕੱਟਦਾ ਰਿਹਾ। ਸਬੰਧਤ ਅਧਿਕਾਰੀ 12 ਵਜੇ ਤੱਕ ਦੋਵੇਂ ਥਾਵਾਂ ’ਤੇ ਨਹੀਂ ਮਿਲੇ। ਇਹ ਮਾਮਲਾ ਧਿਆਨ ਵਿੱਚ ਲਿਆਉਣ ’ਤੇ ਐੱਸ ਡੀ ਐੱਮ ਧੂਰੀ ਨੇ ਜੂਨੀਅਰ ਅਧਿਕਾਰੀਆਂ ਨੂੰ ਮਿਲਣ ਲਈ ਕਿਹਾ ਪਰ ਸਬੰਧਤ ਸਮਰੱਥ ਅਧਿਕਾਰੀ ਭਾਲੇ ਨਹੀਂ ਥਿਆਏ।
