ਹੜ੍ਹ ਪੀੜਤਾਂ ਨੂੰ 1.24 ਕਰੋੜ ਦੇ ਮੁੁਆਵਜ਼ਾ ਪੱਤਰ ਵੰਡੇ
(ਸੁਰਿੰਦਰ ਸਿੰਘ ਚੌਹਾਨ): ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤੀ ਝੰਡਾ ਚੁੱੱਕਣ ਉਪਰੰਤ ‘ਆਪ’ ਹਾਈਕਮਾਨ ਵੱਲੋਂ ਸਨੌਰ ਦੇ ਨਵੇਂ ਹਲਕਾ ਇੰਚਾਰਜ ਥਾਪੇ ਗਏ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਜ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨੌਰ ਵਿਧਾਨ ਸਭਾ ਹਲਕੇ ਦੇ ਦਰਜਨਾਂ ਵਸਨੀਕਾਂ ਨੂੰ 1.24 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਭਾਵੇਂ ਇਸ ਖੇਤਰ ਦੇ ਅਨੇਕਾਂ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ, ਪਰ ਮੁੱਢਲੇ ਤੌਰ ’ਤੇ ਅਜੇ 12 ਪਿੰਡਾਂ ਦੇ ਇਨ੍ਹਾਂ 255 ਲੋਕਾਂ ਨੂੰ ਹੀ ਇਹ 1.24 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ ਹਨ। ਰਣਜੋਧ ਹਡਾਣਾ ਦਾ ਕਹਿਣਾ ਸੀ ਕਿ ਹੜ੍ਹਾਂ ਦੌਰਾਨ ਭਾਰੀ ਨੁਕਸਾਨ ਹੋਇਆ ਹੋਣ ਦੇ ਬਾਵਜੂਦ ਲੋਕਾਂ ਨੇ ਹਿੰਮਤ ਅਤੇ ਹੌਸਲਾ ਨਹੀ ਤਿਆਗਿਆ ਤੇ ਆਪਸੀ ਭਾਈਚਾਰਕ ਸਾਂਝ ਦਾ ਖੁੱਲ੍ਹ ਕੇ ਮੁਜ਼ਾਹਰਾ ਕਰਦਿਆਂ ਵਧ-ਚੜ੍ਹ ਕੇ ਇੱਕ-ਦੂਜੇ ਦੀ ਮਦਦ ਕੀਤੀ ਜਦਕਿ ਪੰਜਾਬ ਸਰਕਾਰ ਵੱਲੋਂ ਵੀ ਨੁਕਸਾਨ ਦੀ ਭਰਪਾਈ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਰਣਜੋਧ ਹਡਾਣਾ ਨੇ ਹੋਰ ਕਿਹਾ ਕਿ ਹੜ੍ਹਾਂ ਦੌਰਾਨ ਜ਼ਿਆਦਾ ਮਾਰੂ ਸਾਬਤ ਹੋਣ ਵਜੋਂ ਤਸਦੀਕ ਕੀਤੇ ਗਏ ਦਰਿਆਵਾਂ ਅਤੇ ਨਦੀਆਂ ਨਾਲਿਆਂ ਆਦਿ ਨੂੰ ਸਰਕਾਰ ਡੂੰਘਾ ਅਤੇ ਚੌੜਾ ਕਰਨ ਲਈ ਪਾਬੰਦ ਹੈ ਤਾਂ ਜੋ ਭਵਿੱਖ ’ਚ ਲੋਕਾਂ ਨੂੰ ਅਜਿਹੇ ਗੰਭੀਰ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਹਡਾਣਾ ਦਾ ਕਹਿਣਾ ਸੀ ਕਿ ਸਨੌਰ ਹਲਕੇ ਵਿੱਚੋਂ ਲੰਘਦੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਸਮੇਤ ਹੋਰ ਛੋਟੇ-ਵੱਡੇ ਸਾਰੇ ਨਦੀਆਂ ਨਾਲਿਆਂ ਨੂੰ ਵੀ ਪੰਜਾਬ ਸਰਕਾਰ ਡੂੰਘਾ ਅਤੇ ਚੌੜਾ ਕਰਨ ਲਈ ਹੁਣੇ ਤੋਂ ਪ੍ਰੋਗਰਾਮ ਉਲੀਕੇਗੀ। ਸਨੌਰ ਨੇੜੇ ਸਥਿਤ ਭੁਨਰਹੇੜੀ ਵਿਚਲੇ ਬੀ.ਡੀ.ਪੀ.ਓ. ਦਫ਼ਤਰ ਅਤੇ ਦੂਧਨਸਾਧਾਂ ਤਹਿਸੀਲ ਕੰਪਲੈਕਸ ਵਿੱਚ ਹੋਏ ਇਨ੍ਹਾਂ ਮੁਆਵਜ਼ਾ ਵੰਡ ਸਮਾਗਮਾਂ ਦੌਰਾਨ ਪਟਿਆਲਾ ਤੇ ਦੂਧਨਸਾਧਾਂ ਦੇ ਐੱਸ.ਡੀ.ਐੱਮਜ਼ ਹਰਜੋਤ ਕੌਰ ਮਾਵੀ ਤੇ ਕਿਰਪਾਲਵੀਰ ਸਿੰਘ ਸਮੇਤ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪਰਦੀਪ ਜੋਸ਼ਨ ਵੀ ਮੌਜੂਦ ਰਹੇ। ਰਣਜੋਧ ਹਡਾਣਾ ਨੇ ਕਿਹਾ ਕਿ ਸਨੌਰ ਹਲਕੇ ਦੇ 31 ਪਿੰਡਾਂ ’ਚ ਟਾਂਗਰੀ ਤੇ ਮਾਰਕੰਡੇ ਦੇ ਪਾਣੀ ਨੇ 5000 ਏਕੜ ਤੋਂ ਵੀ ਜ਼ਿਆਦਾ ਰਕਬਾ ਪ੍ਰਭਾਵਿਤ ਹੋਇਆ ਹੈ ਪਰ ਅੱਜ 700 ਏਕੜ ਰਕਬੇ ਦੇ ਖਰਾਬੇ ਦੇ ਮੁਆਵਜ਼ੇ ਦੀ ਰਾਸ਼ੀ ਦੇ ਦਸਤਾਵੇਜ਼ ਕਿਸਾਨਾਂ ਨੂੰ ਸੌਂਪੇ ਗਏ ਹਨ। ਪਟਿਆਲਾ ਤਹਿਸੀਲ ’ਚ ਪੈਂਦੇ ਪਿੰਡ ਬਡਲੀ ਤੇ ਉਲਟਪੁਰ ਸਮੇਤ ਦੂਧਨਸਾਧਾਂ ਤਹਿਸੀਲ ਦੇ ਪਿੰਡਾਂ ਤਾਜਲਪੁਰ, ਔਜਾਂ, ਸਾਦਕਪੁਰ ਵੀਰਾਂ, ਬਰਕਤਪੁਰ, ਰੁਕੜੀ ਬੁੱਧ ਸਿੰਘ, ਅਕਬਰਪੁਰ ਮੁਰਾਦਮਾਜਰਾ, ਬਡਲਾ, ਮੱਗਰ ਸਾਹਿਬ, ਬਹਾਦਰਪੁਰ ਨਿਮਕਗੀਰਾ ਤੇ ਦੂਧਨ ਗੁੱਜਰਾਂ ਦੇ 251 ਲਾਭਪਾਤਰੀਆਂ ਨੂੰ 1 ਕਰੋੜ 24 ਲੱਖ ਰੁਪਏ ਦੇ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਸੌਂਪੇ ਗਏ ਹਨ, ਇਹ ਰਾਸ਼ੀ ਇਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਸ ਮੌਕੇ ਬੀਡੀਪੀਓ ਸੰਦੀਪ ਸਿੰਘ, ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ, ਸੁਪਰਡੈਂਟ ਮਨਦੀਪ ਕੌਰ ਅਤੇ ਪੰਚਾਇਤ ਅਫ਼ਸਰ ਬਲਜੀਤ ਸਿੰਘ ਮੌਜੂਦ ਸਨ।
ਅਰੋੜਾ ਨੇ ਸੁਨਾਮ ਦੇ ਹੜ੍ਹ 9 ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ
Advertisementਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਇਲਾਕੇ ਤੇ 9 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਦਿੱਤੇ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਐਲਾਨ ਤੋਂ ਬਾਅਦ ਇੰਨੀ ਜਲਦੀ ਪੀੜਤਾਂ ਨੂੰ ਮੁਆਵਜ਼ੇ ਦੀ ਰਾਸ਼ ਮਿਲੀ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਪੀੜਤਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਹਲਕਾ ਸੁਨਾਮ ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ 9 ਪੀੜਤਾਂ ਅਨੋਖ ਸਿੰਘ ਸੁਨਾਮ ਏ, ਅਕਾਲਗੜ੍ਹ ਤੋਂ ਸੁਖਵਿੰਦਰ ਸਿੰਘ ਤੇ ਪਰਮਜੀਤ ਸਿੰਘ, ਝਾੜੋਂ ਤੋਂ ਸਤਗੁਰ ਸਿੰਘ, ਚਮਕੌਰ ਸਿੰਘ, ਲਾਭ ਸਿੰਘ, ਸਰਬਜੀਤ ਸਿੰਘ, ਕੋਟੜਾ ਅਮਰੂ ਤੋਂ ਗੁਰਮੇਲ ਸਿੰਘ ਅਤੇ ਮਹਿੰਦਰ ਸਿੰਘ ਨੂੰ ਮਨਜ਼ੂਰੀ ਪੱਤਰ ਸੌਂਪੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ, ਜਿਸ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਨੂੰ 03.50 ਕਰੋੜ ਰੁਪਏ ਵੰਡੇ ਜਾਣਗੇ। ਉਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਅਜਨਾਲਾ ਵਿੱਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ। ਇਸ ਮੌਕੇ ਐੱਸ ਡੀ ਐੱਮ ਪ੍ਰਮੋਦ ਸਿੰਗਲਾ, ਤਹਿਸੀਲਦਾਰ ਰਾਜਵਿੰਦਰ ਕੌਰ, ਪਟਵਾਰੀ ਪੱਲਵੀ, ਹਰਦੀਪ, ਗੁਰਜਿੰਦਰ, ਵਰਿੰਦਰ ਕਾਨੂੰਨਗੋ, ਜਗਸੀਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।
ਮੁੱਖ ਮੰਤਰੀ ਅਸਲ ’ਚ ਪੰਜਾਬ ਤੇ ਕਿਸਾਨ ਹਿਤੈਸ਼ੀ: ਜੌੜਾਮਾਜਰਾ
ਸਮਾਣਾ (ਸੁਭਾਸ਼ ਚੰਦਰ): ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪਣੇ ਹਲਕੇ ਦੇ ਘੱਗਰ ਦੀ ਮਾਰ ਹੇਠ ਆਏ ਦੋ ਪਿੰਡਾਂ ਸੱਸੀ ਬ੍ਰਾਹਮਣਾ ਅਤੇ ਹਾਸ਼ਮਪੁਰ ਦੇ 93 ਲਾਭਪਾਤਰੀਆਂ ਨੂੰ 54 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਦੇ ਪੱਤਰ ਸੌਂਪੇ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਸਮੇਤ ਤੇ ਗੁਰਦੇਵ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ। ਇਸ ਮੌਕੇ ਸ੍ਰੀ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਲ ਵਿੱਚ ਕਿਸਾਨ ਤੇ ਪੰਜਾਬ ਵਾਸੀਆਂ ਦੇ ਹਿਤੈਸ਼ੀ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ 20 ਹਜ਼ਾਰ ਰੁਪਏ ਦਿੱਤਾ ਹੈ ਜਦੋਂ ਕਿ ਕੇਂਦਰ ਸਰਕਾਰ ਕੇਵਲ 5000 ਰੁਪਏ ਹੀ ਦਿੰਦੀ ਸੀ, ਇਸੇ ਤਰ੍ਹਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰਾਂ ਲਈ 1,20,000 ਰੁਪਏ ਅਤੇ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ ਘਰਾਂ ਲਈ 40,000 ਰੁਪਏ ਦਿੱਤੇ ਜਾ ਰਹੇ ਹਨ ਜਦਕਿ ਪਿਛਲੀਆਂ ਸਰਕਾਰਾਂ ਮੌਕੇ ਇਹ ਰਕਮ 6,500 ਰੁਪਏ ਹੀ ਸੀ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੂਜੇ ਪਾਸੇ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਕੇਂਦਰੀ ਮਦਦ ਨੂੰ ਬਿਨਾਂ ਕਾਰਨ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਜ਼ਮੀਨਾਂ ਦੇ ਕਿਸਾਨਾਂ ਲਈ ਮੁਫ਼ਤ ਕਣਕ ਦਾ ਬੀਜ ਦੇਣ ਸਮੇਤ ਹੋਰ ਵੀ ਕਈ ਅਹਿਮ ਫ਼ੈਸਲੇ ਕੀਤੇ। ਇਸ ਮੌਕੇ ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ, ਮਨਜੀਤ ਸਿੰਘ ਦਾਨੀਪੁਰ, ਰਸ਼ਪਾਲ ਸਿੰਘ ਮਿਆਲ, ਸੁਖਚੈਨ ਸਿੰਘ, ਕੁਲਦੀਪ ਵਿਰਕ, ਕੁਲਜੀਤ ਸਿੰਘ ਰੰਧਾਵਾ ਤੇ ਪਿੰਡਾਂ ਦੇ ਪੰਚ-ਸਰਪੰਚ ਤੇ ਹੋਰ ਪਤਵੰਤੇ ਮੌਜੂਦ ਸਨ।