ਕਮਿਊਨਿਟੀ ਹੈਲਥ ਸੈਂਟਰ ਸਫ਼ਾਈ ਪੱਖੋਂ ਹਾਲੋਂ-ਬੇਹਾਲ
ਹਦੂਦ ਅੰਦਰ ਨਸ਼ੇ ਵਿਕਣ ਤੋਂ ਚਰਚਾ ’ਚ ਆਏ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦਾ ਸਫ਼ਾਈ ਪੱਖੋਂ ਵੀ ਹਾਲ ਮਾੜਾ ਹੈ। ਜਾਣਕਾਰੀ ਅਨੁਸਾਰ ਕਰੋੜਾਂ ਦੀ ਲਾਗਤ ਨਾਲ ਤਿਆਰ ਸ਼ੇਰਪੁਰ ਹਸਪਤਾਲ ਦੇ ਆਲੇ-ਦੁਆਲੇ ਉੱਗੇ ਘਾਹ, ਗਾਜਰ ਬੂਟੀ ਅਤੇ ਹੋਰ ਫੈਲੀ ਗੰਦਗੀ ਹਸਪਤਾਲ ਦੇ ਖੁਦ ਬਿਮਾਰ ਹੋਣ ਦੀ ਗਵਾਹੀ ਭਰਦੀ ਹੈ। ਆਲੇ-ਦੁਆਲੇ ਦੀ ਸਾਫ਼-ਸਫਾਈ ਨਾ ਹੋਣ ਕਾਰਨ ਜਿੱਥੇ ਹਸਪਤਾਲ ਦੀ ਇਮਾਰਤ ਦੇ ਆਲੇ-ਦੁਆਲੇ ਮੱਛਰ ਹਨ ਉਥੇ ਹਸਪਤਾਲ ਸੱਪਾਂ ਦੀ ਰਿਹਾਇਸ਼ਗਾਹ ਵੱਧ ਲੱਗ ਰਿਹਾ ਹੈ। ਪਹਿਲਾਂ ਇਥੇ ਕੁੱਝ ਸਮਾਜ ਸੇਵੀ ਸੰਸਥਾਵਾਂ ਸਾਫ਼ ਸਫ਼ਾਈ ਲਈ ਅੱਗੇ ਆਈਆਂ ਪਰ ਹਸਪਤਾਲ ਵੱਲੋਂ ਸਾਫ਼ ਸਫ਼ਾਈ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਿਆ। ਬੇਸਹਾਰਾ ਪਸ਼ੂ ਅਕਸਰ ਹੀ ਹਸਪਤਾਲ ਵਿੱਚ ਚਲੇ ਜਾਂਦੇ ਹਨ ਜੋ ਥਾਂ-ਥਾਂ ਗੋਹਾ ਕਰਕੇ ਹਸਪਤਾਲ ਦੀ ਦਿੱਖ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਐਕਸ਼ਨ ਕਮੇਟੀ ਨੇ ਲੰਬੀ ਲੜਾਈ ਲੜਕੇ ਡਾਕਟਰਾਂ ਦੀਆਂ ਬਹੁਗਿਣਤੀ ਅਸਾਮੀਆਂ ਲਿਆਕੇ ਐਮਰਜੈਂਸੀ ਸ਼ੁਰੂ ਕਰਵਾਉਣ ਵਰਗੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਸਨ ਪਰ ਹੁਣ ਹਸਪਤਾਲ ਦੀ ਪਹਿਲਾਂ ਜਿਹੀ ਤਰਸਯੋਗ ਹਾਲਤ ਬਣਦੀ ਜਾ ਰਹੀ ਹੈ। ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਹਸਪਤਾਲ ਨੂੰ ਸਾਫ਼ ਸੁਥਰਾ ਬਣਾਉਣ ਅਤੇ ਲੋਕਾਂ ਲਈ ਸਹੂਲਤਾਂ ਦੀ ਬਹਾਲੀ ਲਈ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਦਾਅਵਾ ਕੀਤਾ।
ਬੀ ਡੀ ਪੀ ਓ ਨੂੰ ਸਫ਼ਾਈ ਲਈ ਆਖਿਆ ਹੈ: ਐੱਸ ਐੱਮ ਓ
Advertisementਐੱਸ ਐੱਮ ਓ ਸ਼ੇਰਪੁਰ ਡਾ. ਜਸਦੀਪ ਸਿੰਘ ਨੇ ਕਿਹਾ ਕਿ ਉਹ ਹਾਲੇ ਥੋੜ੍ਹਾ ਸਮਾਂ ਪਹਿਲਾਂ ਹੀ ਇੱਥੇ ਬਦਲਕੇ ਆਏ ਹਨ ਅਤੇ ਹਸਪਤਾਲ ਨੂੰ ਵਧੀਆ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਦੇ ਚੌਗਿਰਦੇ ਦੀ ਸਫਾਈ ਲਈ ਦੀਵਾਲੀ ਤੋਂ ਪਹਿਲਾਂ ਹੀ ਬੀ ਡੀ ਪੀ ਓ ਨੂੰ ਪੱਤਰ ਲਿਖ ਕੇ ਮਗਨਰੇਗਾ ਮਜ਼ਦੂਰਾਂ ਤੋਂ ਸਫਾਈ ਕਰਵਾਉਣ ਕਿਹਾ ਸੀ।
