ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ
ਇਥੋਂ ਨੇੜਲੇ ਪਿੰਡ ਲਹਿਲ ਕਲਾਂ ਦੇ ਇੱਕ ਵਿਅਕਤੀ ਨੇ ਕਰਜ਼ੇ ਕਾਰਨ ਦਿਮਾਗੀ ਪਰੇਸ਼ਾਨੀ ਦੇ ਚਲਦਿਆਂ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਪਿੰਡ ਲੇਹਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਫੌਜੀ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਲਹਿਲ ਕਲਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਸੀ।
ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਉਸ ਦੇ ਜਵਾਨ ਪੁੱਤਰ ਦੀ ਵੀ ਮੌਤ ਹੋਣ ਕਾਰਨ ਵੀ ਉਹ ਪਰੇਸ਼ਾਨ ਰਹਿੰਦਾ ਸੀ। ਜਿਸ ਦੇ ਚਲਦਿਆਂ ਬੀਤੀ ਰਾਤ 8:20 ਵਜੇ ਲਹਿਰਾਗਾਗਾ ਤੋਂ ਜਾਖਲ ਜਾਣ ਵਾਲੀ ਟਰੇਨ ਦੇ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਾਖਲ ਦੀ ਰੇਲਵੇ ਪੁਲੀਸ ਨੇ ਕਰਮਜੀਤ ਸਿੰਘ ਦੇ ਪੁੱਤਰ ਬਲਰਾਜ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਮਾਸਟਰ ਹਰਪਾਲ ਸਿੰਘ, ਭਰਪੂਰ ਸਿੰਘ ਮਾਸਟਰ, ਆਮ ਆਦਮੀ ਪਾਰਟੀ ਦੇ ਆਗੂ ਚਮਕੌਰ ਸਿੰਘ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਅਤੇ ਸਮਾਜਸੇਵੀਆਂ ਤੋਂ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇੱਕ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ।