ਕ੍ਰਾਂਤੀ ਚੌਕ ’ਚ ਲੱਗੇਗਾ ‘ਕਲਾਕ ਟਾਵਰ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਅੰਦਰ 1.41 ਕਰੋੜ ਦੀ ਲਾਗਤ ਨਾਲ ਕ੍ਰਾਂਤੀ ਚੌਕ ’ਚ ‘ਕਲਾਕ ਟਾਵਰ’ ਲੱਗੇਗਾ। ਇਹ ਖੁਲਾਸਾ ਮੁੱਖ ਮੰਤਰੀ ਕੈਂਪ ਧੂਰੀ ਦੇ ਦਫ਼ਤਰ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਧੂਰੀ ਦੇ ਵਿਕਾਸ ਤੇ ਸੁੰਦਰੀਕਰਨ ਲਈ ਕਰੋੜਾਂ ਦੇ ਪ੍ਰਾਜੈਕਟ ਸ਼ੁਰੂ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਕ੍ਰਾਂਤੀ ਚੌਂਕ ਦੇ ਕਲਾਕ ਟਾਵਰ ਦਾ ਪ੍ਰਾਜੈਕਟ ਵੀ ਇੱਕ ਹੈ ਅਤੇ ਇਸ ਦੇ ਨਵੀਨੀਕਰਨ ਦਾ ਕੰਮ ਬਕਾਇਦਾ ਸ਼ੁਰੂ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਰੰਭੇ ਪ੍ਰਾਜੈਕਟਾਂ ਤਹਿਤ ਧੂਰੀ ਸ਼ਹਿਰ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਕ੍ਰਾਂਤੀ ਚੌਕ ਵਾਲੇ ਕਲਾਕ ਟਾਵਰ ਦੇ ਨਾਲ-ਨਾਲ ਹੈਰੀਟੇਜ ਲਾਈਟਾਂ ਵੀ ਲਗਾਈਆਂ ਜਾਣੀਆਂ ਹਨ। ‘ਆਪ’ ਆਗੂਆਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰੋਜ਼ਾਨਾ ਰਿਪੋਰਟ ਲੈਂਦੇ ਹਨ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਧੂਰੀ ਦੇ ਕਾਰਜਕਾਰੀ ਅਫ਼ਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਲਾਕ ਟਾਵਰ ਦੇ ਸਭ ਤੋਂ ਥੱਲੇ ਗਰੇਨਾਈਟ ਮਾਰਬਲ ਲੱਗੇਗਾ ਤੇ ਵਿਚਕਾਰ ਟਾਈਲਾਂ ਅਤੇ ਜਾਲੀ ਲਗਾਈ ਜਾਵੇਗੀ, ਉਸ ਤੋਂ ਉਪਰ ਚਾਰੇ ਪਾਸੇ ਡਿਜੀਟਲ ਘੜੀ ਲੱਗੇਗੀ ਤੇ ਸਭ ਤੋਂ ਉਪਰ ਟਾਈਲ ਵਰਕ ਕੀਤਾ ਜਾਵੇਗਾ। ‘ਆਪ’ ਆਗੂਆਂ ਨੇ ਦੱਸਿਆ ਕਿ ਕ੍ਰਾਂਤੀ ਚੌਕ ਦੇ ਸੁੰਦਰੀਕਰਨ ਦਾ ਕੰਮ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ।
