ਮੁੱਖ ਮੰਤਰੀ ਦੇ ਰੇਲਵੇ ਓਵਰਬ੍ਰਿਜ ਸਬੰਧੀ ਟਵੀਟ ਤੋਂ ਸਿਆਸਤ ਭਖੀ
ਬੀਰਬਲ ਰਿਸ਼ੀ
ਧੂਰੀ, 29 ਜੂਨ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ ਸ਼ਹਿਰ ਦੇ ਐਲਸੀ 62-ਏ ਅੰਦਰਲੇ ਫਾਟਕਾਂ ਦੇ ਸਮੱਸਿਆ ਦੇ ਹੱਲ ਲਈ ਸ਼ਹਿਰ ਅੰਦਰੋਂ ਲੰਘਦੇ ਛੱਤੇ ਹੋਏ ਰਜਵਾਹੇ ’ਤੇ 54.76 ਕਰੋੜ ਦੀ ਲਾਗਤ ਨਾਲ ਓਵਰਬ੍ਰਿਜ ਬਣਾਏ ਜਾਣ ਨੂੰ ਦਿੱਤੀ ਮਨਜ਼ੂਰੀ ਸਬੰਧੀ ਟਵੀਟ ਕੀਤੇ ਜਾਣ ਤੋਂ ਤੁਰੰਤ ਬਾਅਦ ਸਿਆਸਤ ਉਸ ਸਮੇਂ ਭਖ਼ ਗਈ ਜਦੋਂ ਸਵੇਰ ਸਮੇਂ ਹੀ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਧੂਰੀ ਪਹੁੰਚੇ ਅਤੇ ਮੁੱਖ ਮੰਤਰੀ ਦੇ ਟਵੀਟ ’ਤੇ ਕਿੰਤੂ ਕੀਤਾ।
‘ਆਪ’ ਹਲਕਾ ਧੂਰੀ ਦੇ ਨਵ-ਨਿਯੁਕਤ ਸੰਗਠਨ ਇੰਚਾਰਜ ਦਲਵੀਰ ਸਿੰਘ ਢਿੱਲੋਂ ਕੇਂਦਰੀ ਮੰਤਰੀ ਦੀਆਂ ਟਿੱਪਣੀਆਂ ਦੇ ਜਵਾਬ ਦਿੰਦਿਆਂ ਕਿਹਾ ਕਿ ਧੂਰੀ ਸ਼ਹਿਰ ਅੰਦਰਲੇ ਬਣਨ ਵਾਲੇ ਓਵਰਬ੍ਰਿਜ ਵਿੱਚ ਕੇਂਦਰ ਸਰਕਾਰ ਦਾ ਇੱਕ ਪੈਸੇ ਦਾ ਯੋਗਦਾਨ ਨਹੀਂ ਕਿਉਂਕਿ ਇਸ ਪੁਲ ’ਤੇ 54.76 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਹਨ।
ਸ੍ਰੀ ਢਿੱਲੋਂ ਨੇ ਦਾਅਵਾ ਕੀਤਾ ਕਿ ਨਹਿਰੀ ਵਿਭਾਗ ਤੋਂ ਐੱਨਓਸੀ ਲੈਣ ਲਈ ਛੇ ਕਰੋੜ ਰੁਪਏ ਦੀ ਰਾਸ਼ੀ ਭਰੀ ਗਈ, ਜੰਗਲਾਤ ਵਿਭਾਗ ਨੂੰ ਇਸ ਪੁਲ ਦੇ ਦੁਆਲੇ ਜਗ੍ਹਾ ਰੁਕਣ ਦੇ ਇਵਜ਼ ਵਜੋਂ ਡੇਢ ਹੈਕਟੇਅਰ ਜਗ੍ਹਾ ਮੱਤੇਵਾੜਾ ਵਿੱਚ ਲੈ ਕੇ ਦਿੱਤੀ ਹੈ, ਜਦੋਂ ਕਿ ਰੇਲਵੇ ਨੂੰ ਸਮੇਂ-ਸਮੇ ਮਨੀਟਰਿੰਗ ਲਈ 12 ਲੱਖ ਰੁਪਏ ਅਗਾਊਂ ਭਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਕਸ਼ਾ ਪਾਸ ਹੋਣ ਲਈ ਗਿਆ ਹੋਇਆ ਸੀ ਜਿਸ ਦੇ ਅੱਠ ਪੜਾਅ ਪੂਰੇ ਹੋ ਗਏ ਜਦੋਂ ਕਿ ਨੌਵੇ ਪੜਾਅ ਵਿੱਚ ਕੇਂਦਰ ਮੰਤਰੀ ਕੁੱਝ ਸਮੇਂ ਲਈ ਅੜਿੱਕਾ ਜ਼ਰੂਰ ਲਗਾ ਸਕਦੇ ਹਨ।
ਵਰਨਣਯੋਗ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਦੇ ਓਵਰਬ੍ਰਿਜ ਸਬੰਧੀ ਟਵੀਟ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਨੇ ਅੱਜ ਤੱਕ ਉਸ ਨਾਲ (ਕੇਂਦਰੀ ਮੰਤਰੀ) ਨਾਲ ਜਾਂ ਵਿਭਾਗ ਨਾਲ ਕਦੇ ਲਿਖਤੀ ਜਾ ਜ਼ੁਬਾਨੀ ਗੱਲ ਨਹੀਂ ਕੀਤੀ ਫਿਰ ਮਨਜ਼ੂਰੀ ਕਿਵੇਂ ਮਿਲ ਗਈ।
ਬਿੱਟੂ ਨੇ ਕਿਹਾ ਸੀ ਅੱਜ ਉਨ੍ਹਾਂ ਦੇ ਆਉਣ ਮਗਰੋਂ ਕੰਮ ਸ਼ੁਰੂ ਹੋਣ ’ਤੇ ਉਦਘਾਟਨ ਤੱਕ ਘੱਟੋ-ਘੱਟ ਸਾਲ ਤੱਕ ਲੰਬੀ ਪ੍ਰਕਿਰਿਆ ਹੈ।
‘ਆਪ’ ਆਗੂਆਂ ਵੱਲੋਂ ਮੀਟਿੰਗ
ਤਾਜ਼ਾ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ‘ਆਪ’ ਦੇ ਆਗੂ ਵਰਕਰਾਂ ਨੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿੱਚ ਮੀਟਿੰਗ ਕੀਤੀ। ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਵਰਕਰਾਂ ਸਮੇਤ ਓਵਰਬ੍ਰਿਜ ਸਬੰਧੀ ਧੂਰੀ ਦੇ ਕ੍ਰਾਂਤੀ ਚੌਂਕ ਅਤੇ ਪੁਰਾਣੀ ਅਨਾਜ ਮੰਡੀ ਵਿੱਚ ਪਹੁੰਚਕੇ ਲੱਡੂ ਵੰਡੇ। ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ, ਟਰੱਕ ਯੂਨੀਅਨ ਪ੍ਰਧਾਨ ਗਗਨ ਜਵੰਧਾ, ਸਿੱਖਿਆ ਕੋ-ਆਰਡੀਨੇਟਰ ਦਰਸ਼ਨ ਸਿੰਘ ਬਾਦਸ਼ਾਹਪੁਰ, ਬਲਾਕ ਪ੍ਰਧਾਨ ਰਛਪਾਲ ਸਿੰਘ ਭੁੱਲਰਹੇੜੀ, ਸੰਦੀਪ ਤਾਇਲ ਜੌਲੀ, ‘ਆਪ’ ਆਗੂ ਹਰਪ੍ਰੀਤ ਗਿੱਲ, ਮਨਪ੍ਰੀਤ ਸਿੰਘ ਢਿੱਲੋਂ ਹਾਜ਼ਰ ਸਨ।