ਮੁੱਖ ਮੰਤਰੀ ਦੇ ਓਐੱਸਡੀ ਨੇ 14 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣੀਆਂ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਵੀਰ ਸਿੰਘ ਸੁੱਖੀ ਨੇ ਧੂਰੀ ਵਿੱਚ 14 ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਸਮੇਤ ਹੋਰ ਹਰ ਆਗੂ ਵਰਕਰ ਹਾਜ਼ਰ ਸਨ। ਓਐੱਸਡੀ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਫੌਰੀ ਹੱਲ ਲਈ ਯਤਨਸ਼ੀਲ ਰਹੇ। ਓਐੱਸਡੀ ਸੁਖਵੀਰ ਸਿੰਘ ਸੁੱਖੀ ਨੂੰ ਮਿਲਕੇ ਆਏ ਬੇਨੜਾ ਦੇ ਸਰਪੰਚ ਗੋਪਾਲ ਕ੍ਰਿਸ਼ਨ ਪਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਫਿਰਨੀ ਵਾਲੀ ਸੜਕ 18 ਫੁੱਟੀ ਕਰਨ, ਪਿੰਡ ’ਚੋਂ ਲੰਘਦਾ ਬਰਸਾਤੀ ਨਾਲਾ ਪੱਕਾ ਕਰਨ, ਪਿੰਡ ਤੋਂ ਛੰਨਾ ਸੜਕ ’ਤੇ ਡਰੇਨ ਦਾ ਪੁਲ ਨਵਾਂ ਬਣਾਉਣ ਲਈ ਗ੍ਰਾਂਟ ਮੰਗੀ। ਧੂਰੀ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਧੂਰੀ ਪਿੰਡ ਦੇ ਤਿੰਨ ਦਰਵਾਜ਼ਿਆਂ ਦੇ ਨਵੀਨੀਕਰਨ, ਸੀਸੀਟੀਵੀ ਕੈਮਰੇ, ਕਬਰਸਿਤਾਨ ਦੀ ਚਾਰਦੀਵਾਰੀ, ਗਲੀਆਂ-ਨਾਲੀਆਂ, ਖਰਾਬ ਸੀਵਰੇਜ ਠੀਕ ਕਰਨ ਅਤੇ ਲਾਇਬਰੇਰੀ ਬਣਾਉਣ ਦੀਆਂ ਮੰਗਾਂ ਰੱਖੀਆਂ।
ਦੂਜੇ ਪਾਸੇ, ਪਿੰਡ ਕਾਂਝਲਾ ਦੇ ਸਰਪੰਚ ਸਤਗੁਰ ਸਿੰਘ ਨੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੀ ਵਾਰ ਲੱਡਾ ਸਮਾਗਮ ਅਤੇ ਹੁਣ ਧੂਰੀ ਵਿੱਚ ਨਹੀਂ ਬੁਲਾਇਆ ਗਿਆ। ਇਸ ਮੌਕੇ ਨਵ-ਨਿਯੁਕਤ ਸਮਾਲ ਸਕੇਲ ਇੰਡਸਟਰੀ ਦੇ ਡਾਇਰੈਕਟਰ ਅਨਿਲ ਮਿੱਤਲ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਨਵ-ਨਿਯੁਕਤ ਮੈਂਬਰ ਨਰੇਸ਼ ਕੁਮਾਰ ਸਿੰਗਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਗਿੱਲ, ਗਗਨ ਜਵੰਧਾ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ, ਹਲਕਾ ਯੂਥ ਕੋ-ਆਰਡੀਨੇਟਰ ਜਗਦੀਪ ਸਿੰਘ ਜੁੱਗ ਘਨੌਰ ਤੇ ਸਰਪੰਚ ਭਗਵਾਨ ਸਿੰਘ ਭਲਵਾਨ ਹਾਜ਼ਰ ਸਨ।