ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਵੱਲੋਂ ਸੰਗਰੂਰ ’ਚ 11.21 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਜਥੇਦਾਰ ਕਰਤਾਰ ਸਿੰਘ ਦਰਵੇਜ਼ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ ਵਜੋਂ ਅਪਗ੍ਰੇਡ ਕੀਤਾ; ਨਵੇਂ ਬਣੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਭਗਵੰਤ ਮਾਨ ਸਕੂਲੀ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ।
Advertisement

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜੱਦੀ ਸ਼ਹਿਰ ਸੰਗਰੂਰ ਵਿੱਚ ਸੁਤੰਤਰਤਾ ਸੈਨਾਨੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ 3.40 ਕਰੋੜ ਰੁਪਏ ਨਾਲ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕਰਨ ਅਤੇ 7.81 ਕਰੋੜ ਨਾਲ ਨਵੀਂ ਬਣੀ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵਰਲਡ ਕੈਂਸਰ ਕੇਅਰ ਦੀਆਂ 12 ਮੋਬਾਈਲ ਕੈਂਸਰ ਸਕਰੀਨਿੰਗ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਮੁੱਖ ਮੰਤਰੀ ਨੇ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਾਰੇ ਲੋੜੀਂਦੇ ਉਪਕਰਨ ਤੇ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ ਜਿਸ ਵਿੱਚ ਆਡੀਟੋਰੀਅਮ ਹਾਲ ਦਾ ਨਿਰਮਾਣ ਤੇ ਮੁਰੰਮਤ, ਦਾਖ਼ਲਾ ਗੇਟ, ਸਟੇਜ, ਪਾਰਕ, ਸ਼ੈੱਡ, ਮਿੱਡ-ਡੇਅ ਮੀਲ ਰਸੋਈ, ਵਰਕਸ਼ਾਪਾਂ, ਲੈਬਾਰਟਰੀਆਂ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਕਲਾਸਰੂਮ ਸ਼ਾਮਲ ਹਨ। ਮੁੱਖ ਮੰਤਰੀ ਨੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਅਤਿ-ਆਧੁਨਿਕ ਨਰਸਿੰਗ ਟਰੇਨਿੰਗ ਸਕੂਲ ਵਿੱਚ ਤਿੰਨ ਸਾਲਾ ਜੀ.ਐਨ.ਐਮ. ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਇਸ ਸੰਸਥਾ ਨੂੰ ਹੋਸਟਲ, ਆਧੁਨਿਕ ਲੈਬਾਰਟਰੀਆਂ, ਮੈੱਸ, ਸਮਾਰਟ ਕਲਾਸਰੂਮਾਂ, ਆਧੁਨਿਕ ਲਾਇਬ੍ਰੇਰੀ, ਬੱਸ ਸਰਵਿਸ ਤੇ ਹੋਰ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਹ ਸੰਸਥਾ ਪੇਂਡੂ ਇਲਾਕਿਆਂ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਨਰਸਿੰਗ ਦੀ ਪੜ੍ਹਾਈ ਲਈ ਬਠਿੰਡਾ, ਪਟਿਆਲਾ ਜਾਂ ਹੋਰ ਦੂਰ-ਦੁਰਾਡੇ ਜਾਣਾ ਪੈਂਦਾ ਸੀ।

Advertisement

ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ, ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁਮਾਣ, ਗੀਤਕਾਰ ਬਚਨ ਬੇਦਿਲ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਅਤੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਮੌਜੂਦ ਸਨ।

12 ਮੋਬਾਈਲ ਕੈਂਸਰ ਸਕਰੀਨਿੰਗ ਬੱਸਾਂ ਨੂੰ ਹਰੀ ਝੰਡੀ ਦਿਖਾਈ

ਮੁੱਖ ਮੰਤਰੀ ਨੇ ਵਰਲਡ ਕੈਂਸਰ ਕੇਅਰ ਦੀਆਂ 12 ਮੋਬਾਈਲ ਕੈਂਸਰ ਸਕਰੀਨਿੰਗ ਬੱਸਾਂ ਨੂੰ ਹਰੀ ਝੰਡੀ ਦਿਖਾਉਂਦਿਆਂ ਦੱਸਿਆ ਕਿ ਇਹ ਬੱਸਾਂ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕਰਨਗੀਆਂ ਅਤੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਗੀਆਂ। ਉਨ੍ਹਾਂ ਸੰਸਥਾ ਦੇ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਪੰਜਾਬ ਵਿੱਚ 350 ਮੁਫ਼ਤ ਕੈਂਸਰ ਸਕਰੀਨਿੰਗ ਤੇ ਜਾਗਰੂਕਤਾ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ ਕਿਉਂਕਿ ਕੈਂਸਰ ਵਿਰੁੱਧ ਮੁਹਿੰਮ ਨੂੰ ਨਵੇਂ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਆਮ ਆਦਮੀ ਨੂੰ ਘਰ-ਘਰ ਕੈਂਸਰ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੂੰ ਮਿਲਾਉਣ ਦਾ ਵਾਅਦਾ ਕਰ ਕੇ ਬੇਰੁਜ਼ਗਾਰਾਂ ਨੂੰ ਡੀਸੀ ਕੰਪਲੈਕਸ ਬਿਠਾਇਆ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਵਾਅਦਾ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੀਬ ਦਰਜਨ ਆਗੂਆਂ ਨੂੰ ਡੀ.ਸੀ. ਕੰਪਲੈਕਸ ਦੇ ਪਾਰਕ ਵਿੱਚ ਬਿਠਾਈ ਰੱਖਿਆ ਪਰ ਬਾਅਦ ਵਿੱਚ ਮੁੱਖ ਮੰਤਰੀ ਦੇ ਸਕੱਤਰ ਨਾਲ ਮਿਲਾ ਕੇ ਮੰਗ ਪੱਤਰ ਦਿਵਾ ਦਿੱਤਾ ਗਿਆ। ਇਸ ਤੋਂ ਖਫ਼ਾ ਹੋਏ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ 14 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਅਤੇ 15 ਅਗਸਤ ਨੂੰ ਵੱਖ-ਵੱਖ ਥਾਵਾਂ ਉੱਤੇ ਝੰਡਾ ਲਹਿਰਾਉਣ ਪਹੁੰਚੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਸਮੇਤ ਸਮੂਹ ਮੰਤਰੀਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾਈ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਅਮਨ ਸੇਖਾ ਅਤੇ ਮੱਖਣ ਸਿੰਘ ਤੋਗਾਵਾਲ ਨੇ ਦੱਸਿਆ ਕਿ ਮੋਰਚੇ ਦੇ ਆਗੂ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨੀ ਸਮਾਗਮ ਦੌਰਾਨ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਪੁੱਜ ਗਏ ਸਨ ਪਰ ਸਮਾਂ ਰਹਿੰਦੇ ਪ੍ਰਸ਼ਾਸਨ ਨੂੰ ਭਿਣਕ ਪੈ ਗਈ। ਇਸ ’ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਲਾਰਾ ਲਾ ਕੇ ਡੀ.ਸੀ. ਕੰਪਲੈਕਸ ਵਿੱਚ ਬਿਠਾ ਕੇ ਆਲੇ-ਦੁਆਲੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੋਰਚੇ ਦੇ ਤਿੰਨ ਆਗੂਆਂ ਨੂੰ ਸਨਰਾਈਜ਼ ਪੈਲੇਸ ਵਿੱਚ ਮੁੱਖ ਮੰਤਰੀ ਨਾਲ ਮਿਲਾਉਣ ਲਈ ਲੈ ਗਏ ਅਤੇ ਉੱਥੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੱਸੇ ਜਾਂਦੇ ਅਧਿਕਾਰੀ ਸਿਮਰਜੀਤ ਸਿੰਘ ਨੂੰ ਮਿਲਾ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿਵਾ ਦਿੱਤਾ ਜਿਨ੍ਹਾਂ ਮੰਗਾਂ ਦੇ ਹੱਲ ਦਾ ਭਰੋਸਾ ਦਿਵਾਇਆ ਹੈ।

Advertisement