ਚੀਮਾ ਨੇ ਵਿਕਾਸ ਕਾਰਜਾਂ ਲਈ 1.34 ਕਰੋੜ ਦੇ ਚੈੱਕ ਵੰਡੇ
ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੋਂ ਨੇੜਲੇ ਪਿੰਡ ਛਾਜਲੀ, ਛਾਜਲਾ, ਮੈਦੇਵਾਸ, ਦੌਲੇਵਾਲਾ ਅਤੇ ਡਸਕਾ ਨੂੰ ਕੁੱਲ 1.34 ਕਰੋੜ ਰੁਪਏ ਦੇ ਚੈੱਕ ਵੰਡ ਕੇ ਵਿਕਾਸ ਕਾਰਜਾਂ ਦੀ ਸੌਗਾਤ ਦਿੱਤੀ। ਇਸ ਮੌਕੇ ਤਪਿੰਦਰ ਸਿੰਘ ਸੋਹੀ (ਓਐੱਸਡੀ), ਹਰਵਿੰਦਰ ਸਿੰਘ ਛਾਜਲੀ (ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ), ਮਨਿੰਦਰ ਸਿੰਘ ਘੁੰਮਣ (ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ) ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। ਸ੍ਰੀ ਚੀਮਾ ਨੇ ਦੱਸਿਆ ਕਿ ਇਸ ਰਕਮ ਨਾਲ ਗਲੀਆਂ, ਨਾਲੀਆਂ, ਕੈਮਰੇ, ਲਾਈਟਾਂ ਅਤੇ ਸ਼ੈੱਡਾਂ ਦੇ ਕੰਮ ਕੀਤੇ ਜਾਣਗੇ ਜਦਕਿ ਪਿੰਡ ਛਾਜਲਾ ਤੇ ਮੈਦੇਵਾਸ ਵਿੱਚ ਆਧੁਨਿਕ ਖੇਡ ਸਟੇਡੀਅਮ ਵੀ ਬਣਾਏ ਜਾਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਸਾਰੇ ਵਿਕਾਸ ਪ੍ਰਾਜੈਕਟ ਤੈਅ ਸਮੇਂ ਵਿੱਚ ਪੂਰੇ ਕੀਤੇ ਜਾਣਗੇ। ਸ੍ਰੀ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਅੱਗੇ ਵੱਧ ਕੇ ਕੰਮ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਜਿੱਥੇ ਸਿਰਫ਼ ਸਵਾਰਥੀ ਹਿੱਤਾਂ ਲਈ ਰਾਜ ਕੀਤਾ, ਉੱਥੇ ਹੁਣ ਆਮ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹਰੇਕ ਪਿੰਡ ਨੂੰ ਸ਼ਹਿਰ ਵਰਗੀਆਂ ਸਭ ਸਹੂਲਤਾਂ ਉਪਲਬਧ ਹੋਣਗੀਆਂ।
