ਚੀਮਾ ਨੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਧੂਰੀ ਨਾਲ ਸਬੰਧਤ ਤਿੰਨ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਤੋਂ ਇਲਾਵਾ ਕਈ ਬਲਾਕ ਸਮਿਤੀ ਜ਼ੋਨਾਂ ’ਚ ਚੋਣ ਪ੍ਰਚਾਰ ਕੀਤਾ। ਵਿੱਤ ਮੰਤਰੀ ਨੇ ਮੀਮਸਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਰਛਪਾਲ ਸਿੰਘ ਭੁੱਲਰ ਦੇ ਜ਼ੋਨ ’ਚ ਪੈਂਦੇ ਵੱਡੇ ਪਿੰਡ ਭੁੱਲਰਹੇੜੀ ਤੋਂ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਇਸੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਨਾਲ ਸਬੰਧਤ ਪਿੰਡ ਭਲਵਾਨ ’ਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਜ਼ਿਲ੍ਹਾ ਪਰਿਸ਼ਦ ਜ਼ੋਨ ਬਾਲੀਆਂ ਤੋਂ ਉਮੀਦਵਾਰ ਹਰਜਿੰਦਰ ਸਿੰਘ ਕਾਂਝਲਾ ਦੇ ਹੱਕ ਵਿੱਚ ਪਿੰਡ ਲੱਡਾ, ਬਾਲੀਆਂ ਸਮੇਤ ਤਿੰਨ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ। ਜ਼ਿਲ੍ਹਾ ਪਰਿਸ਼ਦ ਜ਼ੋਨ ਘਨੌਰੀ ਕਲਾਂ ਤੋਂ ਉਮੀਦਵਾਰ ਜਸਮੀਤ ਕੌਰ ਚਹਿਲ ਦੇ ਹੱਕ ਵਿੱਚ ਪਿੰਡ ਕਾਤਰੋਂ ਅਤੇ ਘਨੌਰੀ ਕਲਾਂ ਪਿੰਡਾਂ ਵਿੱਚ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਨਾਂ ਦੌਰਾਨ ਉਨ੍ਹਾਂ ਸਰਕਾਰ ਵੱਲੋਂ ਦਿੱਤੀਆਂ 52 ਹਜ਼ਾਰ ਨੌਕਰੀਆਂ, ਖੇਤਾਂ ਲਈ ਨਹਿਰੀ ਪਾਣੀ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਦਲਿਤਾਂ ਦੇ ਹਿੱਤਾਂ ’ਚ ਕੀਤੇ ਕਾਰਜਾਂ ਸਮੇਤ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਨਾਲ ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਸੁੱਖੀ, ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਫੂਡ ਕਮਿਸ਼ਨ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਟਰੱਕ ਯੂਨੀਅਨ ਦੇ ਪ੍ਰਧਾਨ ਗਗਨ ਜਵੰਧਾ, ਹਰਪ੍ਰੀਤ ਸਿੰਘ ਗਿੱਲ ਤੇ ਬਲਾਕ ਪੰਚਾਇਤ ਯੂਨੀਅਨ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਘਨੌਰੀ ਤੇ ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਘਨੌਰੀ ਹਾਜ਼ਰ ਸਨ।
