ਡੇਂਗੂ ਦਾ ਲਾਰਵਾ ਮਿਲਣ ’ਤੇ ਚਲਾਨ ਕੱਟੇ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 26 ਜੂਨ
ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਅਤੇ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਡੇਂਗੂ ਤੋਂ ਬਚਾਅ ਲਈ ਨਿਰੰਤਰ ਜੰਗ ਜਾਰੀ ਹੈ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਡੇਂਗੂ ਦੀ ਚੈਕਿੰਗ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸ਼ਹਿਰ ਦੀਆਂ 13 ਥਾਵਾਂ ਤੋਂ ਲਾਰਵਾ ਮਿਲਿਆ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਨਗਰ ਕੌਸਲ ਵੱਲੋਂ ਚਲਾਨ ਕੱਟੇ ਗਏ| ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਜਿੱਥੇ ਹਰ ਰੋਜ਼ ਫ਼ੀਲਡ ਵਿੱਚ ਜਾ ਕੇ ਲਗਾਤਾਰ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰ ਰਹੀਆਂ ਹਨ, ਉੱਥੇ ਹੀ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਚੈਕਿੰਗ ਕਰ ਕੇ ਪ੍ਰਾਪਤ ਲਾਰਵੇ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾਇਆ ਜਾਂਦਾ ਹੈ ਅਤੇ ਲਾ-ਪ੍ਰਵਾਹੀ ਵਰਤਣ ਵਾਲਿਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪਾਣੀ ਵਾਲੀਆਂ ਟੈਂਕੀਆਂ, ਕੂਲਰਾਂ, ਗਮਲਿਆਂ ਅਤੇ ਹੋਰ ਉਨ੍ਹਾਂ ਥਾਵਾਂ ਦੀ ਜਾਂਚ ਕਰ ਰਹੀਆਂ ਹਨ, ਜਿਥੇ ਪਾਣੀ ਇਕੱਠਾ ਹੋ ਰਿਹਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖ਼ਾਨ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਤੇ ਡਾ. ਮੁਨੀਰ ਮੁਹੰਮਦ, ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਐੱਨਵੀਬੀਡੀਸੀਪੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜੇਸ਼ ਰਿਖੀ, ੱਨਵੀਬੀਡੀਸੀਪੀ ਸਹਾਇਕ ਮੁਹੰਮਦ, ਵਿਕਰਮ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।