ਸਿਲਾਈ-ਕਢਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
ਸੰਤ ਲੌਂਗੋਵਾਲ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਸਮਾਗਮ
Advertisement
ਸੰਤ ਲੌਂਗੋਵਾਲ ਸੋਸ਼ਲ ਵੈੱਲਫੇਅਰ ਸੁਸਾਇਟੀ ਸੰਗਰੂਰ ਵੱਲੋਂ ਪਿੰਡ ਭਿੰਡਰਾਂ ਵਿੱਚ ਗ਼ਰੀਬ ਤੇ ਲੋੜਵੰਦ ਲੜਕੀਆਂ ਨੂੰ ਸਿਲਾਈ-ਕਢਾਈ ਦੀ ਟਰੇਨਿੰਗ ਪੂਰੀ ਹੋਣ ਉਪਰੰਤ ਸ਼ਿਲਾਈ ਮਸ਼ੀਨਾਂ ਵੰਡੀਆਂ ਗਈਆਂ। ਮਸ਼ੀਨਾਂ ਦੀ ਵੰਡ ਸਬੰਧੀ ਸਮਾਗਮ ਪ੍ਰਾਜੈਕਟ ਕੋ-ਆਰਡੀਨੇਟਰ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਅਤੇ ਸਰਪੰਚ ਮੇਘ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਸੰਤ ਲੌਂਗੋਵਾਲ ਦੀ ਸੋਚ ’ਤੇ ਪਹਿਰਾ ਦਿੰਦਿਆਂ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਔਰਤਾਂ ਦੀ ਤਰੱਕੀ, ਸੁਰੱਖਿਆ ਤੇ ਰੁਜ਼ਗਾਰ ਬਹੁਤ ਜ਼ਰੂਰੀ ਹੈ। ਜਨਰਲ ਸਕੱਤਰ ਸਰਬਜੀਤ ਸਿੰਘ ਲੱਡੀ ਤੇ ਜਿੰਦਰ ਕੌਰ ਨੇ ਲੜਕੀਆਂ ਨੂੰ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਤੇ ਮਾਪਿਆਂ ਦਾ ਸਤਿਕਾਰ ਵਧਾਉਣ ਦੀ ਗੱਲ ਕਹੀ। ਸਿਖਲਾਈ ਸੈਂਟਰ ਵਿੱਚ ਟਰੇਨਿੰਗ ਲੈਣ ਉਪਰੰਤ ਕੋਮਲਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ ਸਿਲਾਈ ਸੈਂਟਰ ਦੇ ਤਜਰਬੇ ਸਾਂਝੇ ਕਰਦਿਆਂ ਛੇ ਮਹੀਨਿਆਂ ਦੀ ਰਿਪੋਰਟ ਪੇਸ਼ ਕੀਤੀ।
ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟਾਂ ਦੀ ਵੰਡ ਕਰਦਿਆਂ ਮੁੱਖ ਮਹਿਮਾਨ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੰਸਥਾ ਵੱਲੋਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਦੇਣ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਸਰਪੰਚ ਮੇਘ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਕੇਵਲ ਕ੍ਰਿਸ਼ਨ ਘਾਬਦਾਂ, ਗੁਰਤੇਜ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਠੇਕੇਦਾਰ, ਮਲਕੀਤ ਕੌਰ, ਅਵਤਾਰ ਸਿੰਘ ਮੈਂਬਰ ਤੇ ਵੱਡੀ ਗਿਣਤੀ ਵਿੱਚ ਨਗਰ ਵਾਸੀ ਹਾਜ਼ਰ ਸਨ।
Advertisement
Advertisement