ਬੰਦੀ ਸਿੰਘਾਂ ਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰੇ ਕੇਂਦਰ: ਦਰਸ਼ਨ ਪਾਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 16 ਦਸੰਬਰ ਨੂੰ ਪੁੱਡਾ ਗਰਾਊਂਡ ਪਟਿਆਲਾ ਵਿੱਚ ਵਿਸ਼ਾਲ ਕਿਸਾਨ ਕਾਨਫ਼ਰੰਸ ਕਰਨ ਦਾ ਫੈਸਲਾ ਲਿਆ ਗਿਆ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਇਹ ਕਿਸਾਨ ਕਾਨਫਰੰਸ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਅਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਹੋਵੇਗੀ। ਡਾ. ਦਰਸ਼ਨਪਾਲ ਹਲਕਾ ਸਨੌਰ ਅਤੇ ਤਹਿਸੀਲ ਪਟਿਆਲਾ ਦੇ ਅਧੀਨ ਪੈਂਦੇ ਕਸਬਾ ਭੁੱਨਰਹੇੜੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਯੂਨੀਅਨ ਦੀ ਬਲਾਕ ਭੁੱਨਰਹੇੜੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ’ਚ ਸ਼ਾਮਲ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਯੂਨੀਅਨ ਦੇ ਭੁੱਨਰਹੇੜੀ ਬਲਾਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਡਾ. ਦਰਸ਼ਨਪਾਲ ਪਟਿਆਲਾ ਨੇ ਸੂਬਾਈ ਪ੍ਰਧਾਨ ਹੋਣ ਨਾਤੇ ਸੁਖਵਿੰਦਰ ਲਾਲੀ ਨੂੰ ਯੂਨੀਅਨ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਵੀ ਕੀਤਾ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰੇ। ਉਨ੍ਹਾਂ ਆਖਿਆ ਕਿ ਗੁਰੂ ਤੇਗ ਬਹਾਦਰ ਨੇ ਧਰਮ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਸੀ ਇਸ ਲਈ ਕੇਂਦਰ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਜੇਲ੍ਹਾਂ ’ਚ ਡੱਕੇ ਰਾਜਨੀਤਕ ਆਗੂਆਂ ਨੂੰ ਰਿਹਾਅ ਕਰੇ। ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਪੰਜਾਬ ਨਾਲ ਸਬੰਧਤ ਕਿਸਾਨੀ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ 4 ਦਸੰਬਰ ਦੀ ਗੁਰਦੁਆਰਾ ਸ੍ਰੀ ਦੁੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਭਾਂਖਰ, ਕਾਲਾ ਕਾਹਨਾਹੇੜੀ, ਹਰਮੇਸ਼ ਮੰਜਾਲ, ਰਜਿੰਦਰ ਕੁਮਾਰ ਭੁਨਰਹੇੜੀ, ਪਰਮਿੰਦਰ ਸਿੰਘ ਪੂਨੀਆ, ਸੰਜੀਵ ਕੁਮਾਰ, ਯੁਵਰਾਜ ਠਾਕਰਗੜ੍ਹ,ਪਰਮਜੀਤ ਮੀਰਪੁਰ, ਹਰਸ਼ ਭੁਨਰਹੇੜੀ, ਪ੍ਰਦੀਪ ਕਾਨ੍ਹਾਹੇੜੀ, ਸੁਖਦੇਵ ਜੁਲਕਾਂ, ਅਮਨਦੀਪ ਉਪਲੀ, ਰਘਬੀਰ ਡਕਾਲਾ, ਜਗਦੀਪ ਓਪਲਾ, ਪਾਲਾ ਸਿੰਘ ਡਕਾਲਾ, ਵਰਿੰਦਰ ਖਾਂਸੀਆਂ, ਸ਼ੀਸ਼ਪਾਲ ਭੁਨਰਹੇੜੀ, ਸੱਤਪਾਲ ਮੰਜਾਲ, ਸੁਰਜੀਤ ਪਰੌੜ, ਗਗਨਦੀਪ ਹਾਜੀਪੁਰ, ਜਸਪਾਲ ਖਰੌੜ, ਮਨਪ੍ਰੀਤ ਰਾਜੋਖੇੜੀ, ਧੀਰਜ ਸਿੰਘ ਅਤੇ ਜੋਰਾ ਸਿੰਘ ਆਦਿ ਆਗੂ ਹਾਜ਼ਰ ਰਹੇ।
