ਨਸ਼ੇ ਦੀ ਵੱਧ ਡੋਜ਼ ਦੇ ਕੇ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
ਸੰਗਰੂਰ ਪੁਲੀਸ ਨੇ ਇੱਕ ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ਼ ਦੇ ਕੇ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ-1 ਸੰਗਰੂਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਵਾਸੀ ਭੱਠਲ ਕਲੋਨੀ ਸੰਗਰੂਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਲੰਘੇ ਦਿਨੀਂ ਉਸ ਦਾ ਲੜਕਾ ਰਜਿੰਦਰ ਕੁਮਾਰ ਉਰਫ਼ ਰਾਜੂ (29) ਆਪਣੇ ਕੰਮ ਵਾਪਸ ਆਉਣ ਮਰਗੋਂ ਫਿਰ ਘਰੋਂ ਚਲਾ ਗਿਆ ਸੀ। ਅਗਲੇ ਦਿਨ ਰਛਪਾਲ ਕੌਰ ਵਾਸੀ ਕਰਤਾਰਪੁਰਾ ਬਸਤੀ ਸੰਗਰੂਰ ਨੇ ਉਨ੍ਹਾਂ ਦੇ ਘਰ ਸੁਨੇਹਾ ਦਿੱਤਾ ਕਿ ਰਜਿੰਦਰ ਕੁਮਾਰ ਦੀ ਉਨ੍ਹਾਂ ਦੇ ਘਰ ਮੌਤ ਹੋ ਗਈ ਹੈ। ਪਿਤਾ ਅਨੁਸਾਰ ਰਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਦਾ 24 ਸਤੰਬਰ ਨੂੰ ਸਸਕਾਰ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ਪਰ ਪਤਾ ਲੱਗਿਆ ਹੈ ਕਿ ਉਸ ਦੇ ਲੜਕੇ ਨੂੰ ਤਿੰਨ ਜਣਿਆਂ ਨੇ ਕਥਿਤ ਤੌਰ ’ਤੇ ਨਸ਼ੇ ਦੀ ਵੱਧ ਡੋਜ਼ ਦੇ ਕੇ ਮਾਰ ਦਿੱਤਾ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਸੈਟੀ ਵਾਸੀ ਸੰਗਰੂਰ, ਹਨੀ ਸਿੰਘ ਉਰਫ਼ ਬੱਬੂ ਉਰਫ਼ ਬਿੱਲਾ ਵਾਸੀ ਬਠਿੰਡਾ ਤੇ ਖੁਰਪਾ ਵਾਸੀ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰਕੇ ਸੈਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।