ਸੀਆਈਏ ਪੁਲੀਸ ਪਾਰਟੀ ’ਤੇ ਹਮਲੇ ਦੇ ਦੋਸ਼ ਹੇਠ ਨੌਂ ਖ਼ਿਲਾਫ਼ ਕੇਸ ਦਰਜ
ਕੇਲੋਂ ਗੇਟ ਅੰਦਰ ਮੁਹੱਲਾ ਬਾਲੂਕਾ ਦੇ ਇੱਕ ਘਰ ਅੱਗੇ ਪਹੁੰਚੇ ਸੀਆਈਏ ਮਾਹੋਰਾਣਾ ਦੇ ਪੁਲੀਸ ਮੁਲਾਜ਼ਮਾਂ ਉਪਰ ਲੰਘੀ ਦੇਰ ਸ਼ਾਮ ਹੋਏ ਜਾਨਲੇਵਾ ਹਮਲੇ ’ਚ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪੁਲੀਸ ਮੁਲਾਜ਼ਮ ਹਰਜੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ-2 ਮਾਲੇਰਕੋਟਲਾ ’ਚ ਤਿੰਨ ਸਕੇ ਭਰਾਵਾਂ, ਉਨ੍ਹਾਂ ਦੇ ਮਾਂ-ਬਾਪ, ਇੱਕ ਹੋਰ ਵਿਅਕਤੀ ਅਤੇ ਤਿੰਨ ਅਣਪਛਾਤੇ ਮੁਲਜ਼ਮਾਂ ਖਿਲਾਫ਼ ਗੰਭੀਰ ਕੇਸ ਦਰਜ ਕਰ ਲਿਆ ਗਿਆ ਹੈ। ਬਿਆਨ ਵਿੱਚ ਪੁਲੀਸ ਮੁਲਾਜ਼ਮ ਹਰਜੀਤ ਸਿੰਘ ਨੇ ਦੱਸਿਆ ਕਿ ਮੁਹੰਮਦ ਮੁਰਸ਼ਦ ਕਥਿਤ ਤੌਰ ’ਤੇ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਨ੍ਹਾਂ ਪੁਲੀਸ ਪਾਰਟੀ ਨਾਲ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਹੀ ਸੀ ਕਿ ਉਨ੍ਹਾਂ ਉਪਰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਉਸ ਦੀ ਖੱਬੀ ਬਾਂਹ ਲਹੂ ਲੁਹਾਣ ਹੋ ਗਈ ਜਿਸਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਦਾਖ਼ਲ ਕਰਵਾਇਆ ਗਿਆ।
ਮੁਲਜ਼ਮਾਂ ਦੀ ਭਾਲ ਵਿੱਚ ਮਾਰੇ ਜਾ ਰਹੇ ਨੇ ਛਾਪ: ਡੀਐੱਸਪੀ
Advertisementਡੀਐੱਸਪੀ ਮਾਲੇਰਕੋਟਲਾ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਲੇਰਕੋਟਲਾ ’ਚ ਜ਼ੇਰੇ ਇਲਾਜ ਜ਼ਖਮੀ ਪੁਲੀਸ ਮੁਲਾਜ਼ਮ ਹਰਜੀਤ ਸਿੰਘ ਦੀ ਬਾਂਹ ਦਾ ਅੱਜ ਡਾਕਟਰਾਂ ਵੱਲੋਂ ਅਪਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਪ੍ਰੰਤੂ ਮੁਲਜ਼ਮਾਂ ਦੀ ਭਾਲ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।