ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਕਾਰ ਟਕਰਾਈ, ਤਿੰਨ ਜ਼ਖ਼ਮੀ
ਇੱਥੇ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਗੱਡੀ ਦੇਰ ਰਾਤ ਸਵਿਫਟ ਕਾਰ ਦੀ ਜ਼ੋਰਦਾਰ ਟੱਕਰ ਕਾਰਨ ਪਲਟ ਗਈ। ਇਸ ਦੌਰਾਨ ਹਾਦਸੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸ਼ਵੀਰ ਸਿੰਘ, ਮਨਦੀਪ ਦਾਸ ਅਤੇ ਕਾਰ ਚਾਲਕ ਗੁਰਧਿਆਨ ਸਿੰਘ ਜ਼ਖ਼ਮੀ ਹੋ ਗਏ। ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਸਮਾਣਾ ਰੋਡ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਬਾਲਦ ਕੈਂਚੀਆਂ ’ਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਪਲਟਦੀ ਹੋਈ ਕਾਫ਼ੀ ਦੂਰ ਤੱਕ ਚਲੀ ਗਈ। ਇਸ ਦੌਰਾਨ ਸੁਰੱਖਿਆ ਫੋਰਸ ਦੇ ਉਕਤ ਮੁਲਾਜ਼ਮ ਅਤੇ ਕਾਰ ਦਾ ਚਾਲਕ ਜ਼ਖ਼ਮੀ ਹੋ ਗਿਆ। ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਵਿਫਟ ਕਾਰ ਦਾ ਚਾਲਕ ਗੁਰਧਿਆਨ ਸਿੰਘ ਸ਼ਰਾਬੀ ਹਾਲਤ ਵਿੱਚ ਲਾਪ੍ਰਵਾਹੀ ਨਾਲ ਕਾਰ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਰ ਦੇ ਡਰਾਈਵਰ ਗੁਰਧਿਆਨ ਸਿੰਘ ਨੂੰ ਗ੍ਰਿਫਤਾਰ ਕਰਕੇ ਇਲਾਜ ਲਈ ਸਿਵਲ ਹਸਪਤਾਲ ਭਵਾਨੀਗੜ੍ਹ ’ਚ ਦਾਖਲ ਕਰਵਾਇਆ ਗਿਆ ਹੈ।