ਸਕੂਟਰਾਂ ਨੂੰ ਟੱਕਰ ਮਾਰਨ ਮਗਰੋਂ ਕੈਂਟਰ ਨਾਲ ਟਕਰਾਈ ਕਾਰ
ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਦਿੜ੍ਹਬਾ ਤੋਂ ਪਾਤੜਾਂ ਵੱਲ ਕੜਿਆਲ ਟੀ-ਪੁਆਇੰਟ ’ਤੇ ਬੇਕਾਬੂ ਕਾਰ, ਦੋ ਸਕੂਟਰਾਂ ਨੂੰ ਟੱਕਰ ਮਾਰਨ ਮਗਰੋਂ ਕੈਂਟਰ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਤਿੰਨ ਔਰਤਾਂ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਪਿੰਡ ਕੜਿਆਲ ਦਾ ਹੀਰਾ ਸਿੰਘ ਗੰਭੀਰ ਜ਼ਖ਼ਮੀ ਹੈ ਜਦੋਂ ਕਿ ਦੂਜੀਆਂ ਜ਼ਖ਼ਮੀ ਇੱਕ ਔਰਤ ਤੇ ਉਸ ਦੀਆਂ ਦੋ ਧੀਆਂ ਵਾਸੀ ਪਿੰਡ ਧਰਮਗੜ੍ਹ ਛੰਨਾ ਦੀਆਂ ਹਨ। ਜਾਣਕਾਰੀ ਅਨੁਸਾਰ ਪਾਤੜਾਂ ਦਿੜ੍ਹਬਾ ਕੌਮੀ ਮਾਰਗ ’ਤੇ ਪਿੰਡ ਕੜਿਆਲ ਟੀ-ਪੁਆਇਟ ’ਤੇ ਸੰਗਰੂਰ-ਦਿੜ੍ਹਬਾ ਵਾਲੇ ਪਾਸੇ ਤੋਂ ਆ ਰਹੀ ਸਵਿਫਟ ਕਾਰ ਬੇਕਾਬੂ ਹੋ ਕੇ ਦੋ ਸਕੂਟਰਾਂ ਨੂੰ ਟੱਕਰ ਮਾਰਦੀ ਹੋਈ ਅੱਗੇ ਇੱਕ ਕੈਂਟਰ ਨਾਲ ਜਾ ਟਕਰਾਈ।
ਇਸ ਦੌਰਾਨ ਸਕੂਟਰੀ ਸਵਾਰ ਤਿੰਨ ਔਰਤਾਂ (ਮਾਂ ਧੀਆਂ) ਜ਼ਖ਼ਮੀ ਹੋ ਗਈਆਂ ਹਨ ਜਦ ਕਿ ਦੂਜੀ ਸਕੂਟਰ ’ਤੇ ਸਵਾਰ ਹੀਰਾ ਨਾਮੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਥਾਣਾ ਦਿੜ੍ਹਬਾ ਦੇ ਐੱਸਐੱਚਓ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਖ਼ਿਲਾਫ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।