ਨਹਿਰ ਹਾਦਸਾ: ਮੁਸਤਫ਼ਾ ਤੇ ਅਖ਼ਤਰ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ
ਨੈਣਾਂ ਦੇਵੀ ਦੇ ਦਰਸ਼ਨ ਕਰਕੇ ਪਰਤਦਿਆਂ ਜਗੇੜਾ ਪੁਲ ਕੋਲ ਨਹਿਰ ਵਿੱਚ ਡੁੱਬ ਗਏ ਪਿੰਡ ਮਾਣਕਵਾਲ ਦੇ 10 ਮ੍ਰਿਤਕਾਂ ਦੇ ਪਰਿਵਾਰਾਂ ਦੀ ਇੱਕ ਹਫ਼ਤੇ ਬਾਅਦ ਵੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾਂ ਅਧਿਕਾਰੀ ਸਾਰ ਲੈਣ ਨਹੀਂ ਪਹੁੰਚਿਆ। ਮ੍ਰਿਤਕ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਕਈਆਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਹੀ ਨਹੀਂ ਬਚਿਆ। ਜਾਣਕਾਰੀ ਅਨੁਸਾਰ ਹਲਕਾ ਮਾਲੇਰਕੋਟਲਾ ਅਤੇ ਅਮਰਗੜ੍ਹ ਦੇ ‘ਆਪ’ ਨਾਲ ਸਬੰਧਤ ਦੋਵੇਂ ਵਿਧਾਇਕ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਤਾਂ ਪਹੁੰਚੇ ਪਰ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਵਿੱਤੀ ਮੱਦਦ ਬਾਰੇ ਕਿਸੇ ਨੇ ਕੋਈ ਐਲਾਨ ਨਹੀਂ ਕੀਤਾ। ਅੱਜ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮਾਣਕਵਾਲ ਪਹੁੰਚੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਨੇ ਸਰਕਾਰ ਦੇ ਰਵੱਈਏ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਮ੍ਰਿਤਕਾਂ ਦੇ ਘਰ ਤੱਕ ਮਾਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦਾ ਨਾ ਪਹੁੰਚਣਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਤਿੰਨ ਮਹੀਨੇ ਪਹਿਲਾਂ ਹਲਕਾ ਮਜੀਠਾ ਵਿਚ ਸ਼ਰਾਬ ਪੀਣ ਨਾਲ ਮਾਰੇ ਗਏ ਲੋਕਾਂ ਨੂੰ 10-10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦੇ ਸਕਦੀ ਹੈ ਤਾਂ ਮਾਣਕਵਾਲ ਦੇ ਗਰੀਬ ਦਲਿਤਾਂ ਲਈ 10-10 ਲੱਖ ਰੁਪਏ ਦੀ ਮਦਦ ਕਿਉਂ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਸੰਸਦ ਮੇਅਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਫੋਨ ’ਤੇ ਗੱਲ ਕਰਕੇ ਪੰਜਾਬ ਸਰਕਾਰ ਤੋਂ ਮ੍ਰਿਤਕ ਪਰਿਵਾਰਾਂ ਲਈ ਘੱਟੋ ਘੱਟ 10-10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਅਤੇ ਹਰ ਪਰਿਵਾਰ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਵਾਉਣ ਲਈ ਆਖਿਆ।
ਅਕਾਲੀ ਆਗੂ ਜਸਵੀਰ ਦਿਓਲ ਵੱਲੋਂ ਵਿੱਤੀ ਮਦਦ ਦਾ ਐਲਾਨ
ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਜਸਵੀਰ ਸਿੰਘ ਦਿਓਲ ਨੇ 10 ਮ੍ਰਿਤਕਾਂ ਦੇ ਪਰਿਵਾਰਾਂ ਲਈ 2.10 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ।