ਨਹਿਰ ਹਾਦਸਾ: ਪੀੜਤਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ
ਹਲਕਾ ਵਿਧਾਇਕ ਡਾ. ਮੁਹੰਮਦ-ਜਮੀਲ-ਉਰ ਰਹਿਮਾਨ ਨੇ ਪਿਛਲੇ ਦਿਨੀਂ ਪਿੰਡ ਜਗੇੜਾ ਪੁਲ (ਸਰਹਿੰਦ ਨਹਿਰ) ’ਤੇ ਵਾਪਰੇ ਦਰਦਨਾਕ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਤਕਸੀਮ ਕੀਤੇ। ਇਸ ਹਾਦਸੇ ਵਿੱਚ ਪਿੰਡ ਮਾਨਕਹੇੜੀ (ਮਾਣਕਵਾਲ) ਦੇ 10 ਦਲਿਤ ਸ਼ਰਧਾਲੂ, ਜੋ ਨੈਣਾ ਦੇਵੀ ਤੋਂ ਪਰਤ ਰਹੇ ਸਨ, ਵਾਹਨ ਨਹਿਰ ’ਚ ਡਿੱਗਣ ਕਰਕੇ ਡੁੱਬਣ ਕਾਰਨ ਆਪਣੀ ਜਾਨ ਗੁਆ ਬੈਠੇ ਸਨ। ਇਸ ਮੌਕੇ ਤਹਿਸੀਲਦਾਰ ਮਾਲੇਰਕੋਟਲਾ ਰਿਤੂ ਵੀ ਹਾਜ਼ਰ ਸਨ। ਡਾ. ਰਹਿਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਪੀੜਤ ਪਰਿਵਾਰਾਂ ਨੂੰ ਰਾਹਤ ਫੰਡ ਰਾਹੀਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਰਾਸ਼ੀ ਹਾਲਾਂਕਿ ਪਰਿਵਾਰਾਂ ਦੇ ਵਿਛੜੇ ਪਿਆਰਿਆਂ ਨੂੰ ਵਾਪਸ ਨਹੀਂ ਲਿਆ ਸਕਦੀ, ਪਰ ਇਹ ਉਨ੍ਹਾਂ ਦੇ ਜੀਵਨ ਵਿੱਚ ਕੁਝ ਹੱਦ ਤੱਕ ਸਹਾਰਾ ਜ਼ਰੂਰ ਦੇਵੇਗੀ। ਡਾ, ਰਹਿਮਾਨ ਨੇ ਦੁਖੀ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਹਰ ਵੇਲੇ ਖੜ੍ਹੀ ਹੈ ਅਤੇ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਨਿੱਜੀ ਤੌਰ ’ਤੇ ਵੀ ਇਨ੍ਹਾਂ ਪਰਿਵਾਰਾਂ ਦੇ ਨਾਲ ਹਮੇਸ਼ਾਂ ਖੜ੍ਹਨਗੇ ਅਤੇ ਜ਼ਰੂਰਤ ਪੈਣ ’ਤੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਖਦਾਈ ਹਨ ਅਤੇ ਇਨ੍ਹਾਂ ਨਾਲ ਸਾਨੂੰ ਭਵਿੱਖ ਵਿੱਚ ਹੋਰ ਵੱਧ ਸੁਰੱਖਿਆ ਪ੍ਰਬੰਧਾਂ ਦੀ ਲੋੜ ਦਾ ਅਹਿਸਾਸ ਹੁੰਦਾ ਹੈ। ਅੰਤ ਵਿੱਚ ਵਿਧਾਇਕ ਨੇ ਮ੍ਰਿਤਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ।