ਨਹਿਰ ਹਾਦਸਾ: ਕਾਂਗਰਸ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਦਾ ਮੁਆਵਜ਼ਾ ਮੰਗਿਆ
ਹਲਕਾ ਇੰਚਾਰਜ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਵਫ਼ਦ ਵੱਲੋਂ ਡੀਸੀ ਨੂੰ ਮੰਗ ਪੱਤਰ
Advertisement
ਬੀਤੇ ਦਿਨੀਂ ਨੈਣਾਂ ਦੇਵੀ ਯਾਤਰਾ ਤੋਂ ਪਰਤਦਿਆਂ ਜਗੇੜਾ ਪੁਲ ਨੇੜੇ ਨਹਿਰ ਵਿੱਚ ਡੁੱਬੇ 10 ਸ਼ਰਧਾਲੂਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਅਤੇ ਪੱਕੀ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਪੰਜਾਬ ਕਾਂਗਰਸ ਦੀ ਸਕੱਤਰ ਅਤੇ ਕਾਂਗਰਸੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਵੱਲੋਂ ਅੱਜ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡੀਸੀ ਵਿਰਾਜ ਐੱਸ. ਤਿੜਕੇ ਨੂੰ ਸੌਂਪਿਆ ਗਿਆ। ਡੀਸੀ ਨੂੰ ਮਿਲੇ ਕਾਂਗਰਸੀ ਵਫ਼ਦ ਵਿਚ ਬੀਬਾ ਨਿਸ਼ਾਤ ਅਖਤਰ ਦੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਸਪਾਲ ਦਾਸ ਹਥਨ, ਕਾਂਤਾ, ਬਲਾਕ ਪ੍ਰਧਾਨ ਅਕਰਮ ਲਿਬੜਾ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਅਨਵਾਰ ਮਹਿਬੂਬ, ਮਨੋਜ ਉਪਲ, ਨਿਰਮਲ ਸਿੰਘ ਧਲੇਰ, ਮਾਸਟਰ ਮੇਲਾ ਸਿੰਘ, ਡਾ. ਸਿੰਦਰਪਾਲ ਸਿੰਘ ਰੱਖੜਾ, ਜ਼ਿਲ੍ਹਾ ਮੀਡੀਆ ਇੰਚਾਰਜ ਮਹਿਮੂਦ ਰਾਣਾ ਅਤੇ ਯਾਸ਼ੀਨ ਘੁੱਗੀ ਆਦਿ ਕਾਂਗਰਸੀ ਆਗੂ ਸ਼ਾਮਲ ਸਨ। ਬੀਬਾ ਨਿਸ਼ਾਤ ਅਖਤਰ ਵੱਲੋਂ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਔਰਤਾਂ ਅਤੇ ਮਾਸੂਮ ਬੱਚਿਆਂ ਸਮੇਤ ਮਾਰੇ ਗਏ ਸਾਰੇ ਲੋਕ ਦਲਿਤ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਘਰਾਂ ਵਿਚ ਇਕੱਲੇ ਕਮਾਊ ਮਾਰੇ ਜਾਣ ਪਿੱਛੋਂ ਸਾਰੇ ਪਰਿਵਾਰ ਦੋ ਡੰਗ ਦੀ ਰੋਟੀ ਤੋਂ ਵੀ ਆਹਰੀ ਹੋ ਗਏ ਹਨ। ਉਨ੍ਹਾਂ ਦੁੱਖ ਨਾਲ ਕਿਹਾ ਕਿ ਐਨੇ ਵੱਡੇ ਤੇ ਦਰਦਨਾਕ ਹਾਦਸੇ ਦੇ ਬਾਵਜੂਦ ਅੱਜ ਤੱਕ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਅਧਿਕਾਰੀ ਵਿਲਕਦੇ ਗਰੀਬਾਂ ਦੇ ਹੰਝੂ ਪੂੰਝਣ ਨਹੀਂ ਪਹੁੰਚਿਆ। ਬੀਬਾ ਨਿਸ਼ਾਤ ਅਖਤਰ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਮਾਰਚ 2024 ਵਿਚ ਹਲਕਾ ਦਿੜ੍ਹਬਾ ਅਤੇ ਮਈ 2025 ਵਿਚ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ 10-10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਅਤੇ ਵਾਰਸਾਂ ਨੂੰ ਨੌਕਰੀਆਂ ਦੇਣ ਦੇ ਐਲਾਨ ਕੀਤੇ ਗਏ ਸਨ ਪਰ ਧਾਰਮਿਕ ਯਾਤਰਾ ਤੋਂ ਮੁੜਦਿਆਂ ਅਚਾਨਕ ਹਾਦਸੇ ’ਚ ਮਾਰੇ ਗਏ ਪਿੰਡ ਮਾਣਕਵਾਲ ਦੇ 10 ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਹਾਲੇ ਤੱਕ ਫੋਕਾ ਦਿਲਾਸਾ ਤੱਕ ਨਹੀਂ ਦਿੱਤਾ ਗਿਆ।
Advertisement
Advertisement