ਜ਼ਿਲ੍ਹਾ ਸੰਗਰੂਰ ’ਚ ਕਾਂਗਰਸ ਦੀ ਮਜ਼ਬੂਤੀ ਲਈ ਮੁਹਿੰਮ ਅੱਜ ਤੋਂ
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਬਤੌਰ ਜ਼ਿਲ੍ਹਾ ਆਬਜ਼ਰਵਰ ਨਿਯੁਕਤ ਕੀਤੇ ਗਏ ਰਾਜਸਥਾਨ ਦੇ ਸਾਬਕਾ ਮੰਤਰੀ ਜਗਦੀਸ਼ ਜਾਂਗੜ ਨੇ ਕਿਹਾ ਕਿ ਕਾਂਗਰਸ ਵੱਲੋਂ ਪੂਰੇ ਦੇਸ਼ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਗਠਨ ਸਿਰਜਣ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਗੁਜਰਾਤ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਕੰਮ ਮੁਕੰਮਲ ਹੋ ਚੁੱਕਾ ਹੈ ਜਦੋਂ ਕਿ ਪੰਜਾਬ, ਉਤਰਾਖੰਡ, ਉੜੀਸਾ ਅਤੇ ਝਾਰਖੰਡ ਵਿੱਚ ਕੰਮ ਚੱਲ ਰਿਹਾ ਹੈ। ਕਾਂਗਰਸ ਪਾਰਟੀ ਦਾ ਹਰ ਵੱਡਾ ਤੇ ਛੋਟਾ ਆਗੂ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਵਿੱਚ ਜੁਟਿਆ ਹੋਇਆ ਹੈ। ਭਲਕੇ 17 ਸਤੰਬਰ ਤੋਂ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਉਹ ਬਤੌਰ ਜ਼ਿਲ੍ਹਾ ਆਬਜ਼ਰਵਰ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਬਲਾਕ ਪੱਧਰ ਤੱਕ ਪਾਰਟੀ ਵਰਕਰ ਦਾ ਸੁਝਾਅ ਲੈਣਗੇ। ਜਗਦੀਸ਼ ਜਾਂਗੜ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਵੀ ਮੌਜੂਦ ਸਨ।
ਸ੍ਰੀ ਜਾਂਗੜ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਇਹ ਮਨਸ਼ਾ ਹੈ ਕਿ ਜਿਸ ਤਰ੍ਹਾਂ 15-20 ਸਾਲ ਪਹਿਲਾਂ ਕਾਂਗਰਸ ਮਜ਼ਬੂਤ ਸੀ, ਉਸੇ ਤਰ੍ਹਾਂ ਪਾਰਟੀ ਨੂੰ ਮੁੜ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਸੁਝਾਅ ਲੈ ਕੇ ਜ਼ਿਲ੍ਹਾ ਪ੍ਰਧਾਨ ਬਾਰੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 22 ਸਤੰਬਰ ਤੱਕ ਉਹ ਜ਼ਿਲ੍ਹਾ ਸੰਗਰੂਰ ਦੇ ਸਾਰੇ ਹਲਕਿਆਂ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਜ਼ਿਲ੍ਹਾ ਆਬਜ਼ਰਵਰ ਜਗਦੀਸ਼ ਜਾਂਗੜ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਨਾਲ ਅਹਿਮ ਮਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸੁਰਿੰਦਰਪਾਲ ਸਿੰਘ ਸਿਬੀਆ, ਰਾਜਿੰਦਰ ਸਿੰਘ ਰਾਜਾ, ਦਰਸ਼ਨ ਕਾਂਗੜਾ, ਰਾਹੁਲਇੰਦਰ ਸਿੰਘ ਭੱਠਲ, ਸੁਭਾਸ਼ ਗਰੋਵਰ, ਰਾਜਿੰਦਰ ਦੀਪਾ, ਜਸਵਿੰਦਰ ਧੀਮਾਨ ਆਦਿ ਸ਼ਾਮਲ ਸਨ। ਸ੍ਰੀ ਜਾਂਗੜ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਬਣਨ ਲਈ ਕੋਈ ਵੀ ਵਰਕਰ ਫਾਰਮ ਭਰ ਸਕਦਾ ਹੈ ਅਤੇ ਹਾਈਕਮਾਨ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ 6 ਨਾਵਾਂ ਦਾ ਪੈਨਲ ਭੇਜਿਆ ਜਾਵੇਗਾ।