ਕਿਲੋਮੀਟਰ ਸਕੀਮ ਖ਼ਿਲਾਫ਼ ਬੱਸਾਂ ਦਾ ਚੱਕਾ ਜਾਮ
ਪੀ ਆਰ ਟੀ ਸੀ ਦੇ ਮੁਲਾਜ਼ਮਾਂ ਵੱਲੋਂ ਅੱਜ ਕਿਲੋਮੀਟਰ ਸਕੀਮ ਖ਼ਿਲਾਫ਼ ਸਰਕਾਰੀ ਲਾਰੀਆਂ ਟੇਢੀਆਂ ਖੜ੍ਹੀਆਂ ਕਰ ਕੇ ਦਿੱਲੀ-ਲੁਧਿਆਣਾ ਮਾਰਗ ਸਥਿਤ ਭਗਵਾਨ ਮਹਾਂਵੀਰ ਚੌਕ ਵਿੱਚ ਲਗਪਗ ਦੋ ਘੰਟੇ ਚੱਕਾ ਜਾਮ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਲਾਲ ਬੱਤੀ ਚੌਕ ’ਚ ਵੀ ਆਵਾਜਾਈ ਠੱਪ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਪੀ ਆਰ ਟੀਸੀ ਮੁਲਾਜ਼ਮਾਂ ਨੇ ਅੱਜ ਬੱਸ ਸਟੈਂਡ ਵੀ ਬੰਦ ਰੱਖਿਆ ਤੇ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਦੁਪਹਿਰ 12 ਵਜੇ ਬੱਸ ਸਟੈਂਡ ਬੰਦ ਕਰ ਦਿੱਤਾ ਗਿਆ ਅਤੇ ਸ਼ਹਿਰ ਦੇ ਲਾਲ ਬੱਤੀ ਚੌਂਕ ਵਿਚ ਰੋਡਵੇਜ਼ ਦੀਆਂ ਬੱਸਾਂ ਟੇਢੀਆਂ ਖੜ੍ਹੀਆਂ ਕਰਕੇ ਚਾਰੋਂ ਪਾਸੇ ਚੱਕਾ ਜਾਮ ਕਰ ਦਿੱਤਾ ਅਤੇ ਰੋਸ ਧਰਨਾ ਦਿੱਤਾ। ਕਰੀਬ ਦੋ ਵਜੇ ਤੋਂ ਬਾਅਦ ਸਟੇਟ ਹਾਈਵੇਅ ਸਥਿਤ ਭਗਵਾਨ ਮਹਾਂਵੀਰ ਚੌਕ ’ਤੇ ਵੀ ਬੱਸਾਂ ਖੜ੍ਹੀਆਂ ਕਰਕੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਬਠਿੰਡਾ, ਲੁਧਿਆਣਾ, ਦਿੱਲੀ ਅਤੇ ਸ਼ਹਿਰ ਵੱਲ ਜਾਂਦੀਆਂ ਚਾਰੋਂ ਸੜਕਾਂ ਜਾਮ ਕਰ ਦਿੱਤੀਆਂ। ਇਸ ਦੌਰਾਨ ਯੂਨੀਅਨ ਦੇ ਸੂਬਾ ਆਗੂ ਕਰਮਜੀਤ ਸਿੰਘ ਕਰਮਾ ਅਤੇ ਡਿਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 4 ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਹਰ ਮਹੀਨੇ ਤਨਖਾਹਾਂ ਸੰਘਰਸ਼ ਕਰਨ ’ਤੇ 15/20 ਤਾਰੀਖ ਨੂੰ ਪਾਈਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਸਰਕਾਰ ਨੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਟੈਂਡਰ ਪਾਏ ਹਨ ਜਿਸ ਕਾਰਨ ਵਰਕਰਾਂ ’ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕਰਕੇ ਸਰਕਾਰੀ ਬੱਸਾਂ ਪਾਈਆਂ ਜਾਣ, ਠੇਕੇਦਾਰ ਬਾਹਰ ਕੱਢੇ ਜਾਣ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਅਤੇ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇ।
ਇਸ ਮੌਕੇ ਯੂਨੀਅਨ ਆਗੂ ਸੁਖਜਿੰਦਰ ਸਿੰਘ ਧਾਲੀਵਾਲ, ਰਮਨਦੀਪ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਜੇਜੀਆਂ, ਪੁਸ਼ਪਿੰਦਰ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਬਲਕਾਰ ਸਿੰਘ ਚੰਗਾਲੀਵਾਲਾ, ਪਰਮਿੰਦਰ ਸਿੰਘ ਜੱਸੜ, ਨਿਰਧੌਲ ਸਿੰਘ ਬੱਬਨਪੁਰ, ਰੁਪਿੰਦਰ ਸਿੰਘ ਫੌਜੀ, ਲਖਵਿੰਦਰ ਸਿੰਘ ਬਿੱਟੂ, ਗਗਨਦੀਪ ਸਿੰਘ ਚੈਰੀ ਆਦਿ ਸ਼ਾਮਲ ਸਨ। ਆਗੂਆਂ ਅਨੁਸਾਰ ਪੀ ਆਰ ਟੀਸੀ ਦੇ ਚੇਅਰਮੈਨ ਵੱਲੋਂ ਦਿੱਤੇ ਭਰੋਸੇ ਮਗਰੋਂ 17 ਅਕਤੂਬਰ ਤੱਕ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ 25 ਤੇ 26 ਅਕਤੂਬਰ ਨੂੰ ਤਰਨ ਤਾਰਨ ਹਲਕੇ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ।