ਬਸਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਫਿਲੌਰ ਨੇੜਲੇ ਪਿੰਡ ਧੁਲੇਤਾ ਵਿੱਚ ਗੁਰੂ ਰਵਿਦਾਸ ਦੇ ਗੁਰਦੁਆਰਾ ਸਾਹਿਬ ਦੀ ਜਗ੍ਹਾ/ਚਾਰ ਦੀਵਾਰੀ ਦਿਨ ਦਿਹਾੜੇ ਢਾਹੁਣ ਦੇ ਰੋਸ ਵਜੋਂ ਬਸਪਾ ਆਗੂਆਂ ਤੇ ਵਰਕਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਮੁਜ਼ਾਹਰਾ ਕੀਤਾ ਗਿਆ ਅਤੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ। ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਸੂਬਾ ਇੰਚਾਰਜ ਪਰਜਾਪਤੀ ਅਜੀਤ ਸਿੰਘ ਭੈਣੀ ਦੇ ਸੱਦੇ ’ਤੇ ਬਸਪਾ ਵਰਕਰ ਜ਼ਿਲ੍ਹਾ ਪ੍ਰਧਾਨ ਸਤਗੁਰ ਸਿੰਘ ਕੌਹਰੀਆਂ ਦੀ ਅਗਵਾਈ ਹੇਠ ਸਥਾਨਕ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿੱਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਨ ਤੋਂ ਡੀਸੀ ਦਫ਼ਤਰ ਅੱਗੇ ਪੁੱਜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾ. ਮੱਖਣ ਸਿੰਘ ਨੇ ਬੋਲਦਿਆਂ ਕਿਹਾ ਕਿ ਫਿਲੌਰ ਨੇੜਲੇ ਪਿੰਡ ਧੁਲੇਤਾ ਵਿੱਚ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਦਿਨ ਦਿਹਾੜੇ ਢਾਹ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਢਾਹੀ ਗਈ ਹੈ। ਪਿੰਡ ਖੁਰਾਲਗੜ੍ਹ ਦੇ ਗੁਰੂ ਘਰ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਜਬਰਦਸਤੀ ਖੋਲ੍ਹੇ ਗਏ ਹਨ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਧੁਲੇਤਾ ਵਿੱਚ ਚਾਰ ਦੀਵਾਰੀ ਢਾਹੁਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਪਿੰਡ ਖੁਰਾਲਗੜ੍ਹ ਵਿੱਚ ਗੁਰੂ ਘਰ ਨੇੜੇ ਖੋਲ੍ਹੇ ਸ਼ਰਾਬ ਦੇ ਠੇਕੇ ਤੁਰੰਤ ਬੰਦ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਆਗੂ ਸੂਬੇਦਾਰ ਰਣਧੀਰ ਸਿੰਘ ਨਾਗਰਾ, ਅਮਰੀਕ ਸਿੰਘ ਕੈਂਥ, ਅਮਨ ਬੋਧ ਲਹਿਰਾ, ਭੋਲਾ ਸਿੰਘ ਧਰਮਗੜ੍ਹ, ਪਵਿੱਤਰ ਸਿੰਘ, ਦਰਸ਼ਨ ਸਿੰਘ ਨਦਾਮਪੁਰ ਤੇ ਡਾ. ਮਿੱਠੂ ਸਿੰਘ ਆਦਿ ਮੌਜੂਦ ਸਨ।