ਟੱਕਰ ਮਗਰੋਂ ਦੋਵਾਂ ਕੈਂਟਰਾਂ ਨੂੰ ਅੱਗ ਲੱਗੀ
ਸਮਾਣਾ-ਪਟਿਆਲਾ ਸੜਕ ਬੀਤੀ ਰਾਤ ਭਾਖੜਾ ਨਹਿਰ ਦੇ ਪੁਲ ਨੇੜੇ ਸਾਮਾਨ ਨਾਲ ਭਰੇ ਦੋ ਕੈਂਟਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੇ ਦਸਤੇ ਨੇ ਦੋ ਗੱਡੀਆਂ ਸਮੇਤ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਕੈਂਟਰਾਂ ਅਤੇ ਉਨ੍ਹਾਂ ਵਿੱਚ ਲਿਜਾਏ ਜਾ ਰਹੇ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ।
ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏ ਐੱਸ ਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਇੱਕ ਕੈਂਟਰ ਚਾਲਕ ਉਦੈਵੀਰ ਸਿੰਘ ਵਾਸੀ ਗਵਾਲੀਅਰ ਪਲਾਸਟਿਕ ਦੇ ਪਾਈਪ ਅਤੇ ਪਾਰਟਸ ਲੈ ਕੇ ਆਗਰਾ ਤੋਂ ਸਮਾਣਾ ਹੁੰਦਾ ਹੋਇਆ ਪਟਿਆਲਾ ਵੱਲ ਜਾ ਰਿਹਾ ਸੀ, ਜਦੋਂਕਿ ਦੂਸਰਾ ਕੈਂਟਰ ਚਾਲਕ ਜਸਵਿੰਦਰ ਸਿੰਘ ਵਾਸੀ ਕੋਹਾੜਾ (ਲੁਧਿਆਣਾ) ਪਟਿਆਲਾ ਵੱਲੋਂ ਸੀਮਿੰਟ ਲੈ ਕੇ ਆ ਰਿਹਾ ਸੀ ਕਿ ਭਾਖੜਾ ਨਹਿਰ ਪੁਲ ਦੇ ਮੋੜ ’ਤੇ ਦੋਵੇਂ ਕੈਂਟਰ ਆਪਸ ਵਿੱਚ ਭਿੜ ਗਏ। ਇੱਕ ਕੈਂਟਰ ਦੂਜੇ ਕੈਂਟਰ ਦੀ ਤੇਲ ਟੈਂਕੀ ਵਿੱਚ ਜਾ ਵੱਜਾ, ਜਿਸ ਕਾਰਨ ਉਸ ਵਿੱਚ ਤੁਰੰਤ ਅੱਗ ਲੱਗ ਗਈ ਅਤੇ ਅੱਗ ਨੇ ਦੋਵਾਂ ਕੈਂਟਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗੀ ਦੇਖ ਕੇ ਦੋਵੇਂ ਕੈਂਟਰ ਚਾਲਕ ਤੁਰੰਤ ਹੇਠਾਂ ਉੱਤਰ ਆਏ, ਜਦੋਂਕਿ ਉਨ੍ਹਾਂ ਕੋਲ ਕੋਈ ਹੈਲਪਰ ਨਹੀਂ ਸੀ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਇੱਕ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਦੋਵਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਅਧਿਕਾਰੀ ਅਨੁਸਾਰ ਪੁਲੀਸ ਨੇ ਦੋਵੇਂ ਕੈਂਟਰਾਂ ਨੂੰ ਸੜਕ ਤੋਂ ਇੱਕ ਪਾਸੇ ਹਟਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
