ਪੁਸਤਕ ‘ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ’ ਰਿਲੀਜ਼
ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਸਰਕਾਰੀ ਸਕੂਲ ਢਢੋਗਲ ਖੇੜੀ ਵਿੱਚ ਕਹਾਣੀਕਾਰ ਜਸਵੀਰ ਰਾਣਾ ਦੀ ਨਵੀਂ ਕਥਾ-ਪੁਸਤਕ ‘ਲਤੀਫ਼ੇ ਤੋਂ ਬਾਅਦ ਡਿੱਗਿਆ ਹੰਝੂ’ ਰਿਲੀਜ਼ ਕੀਤੀ ਗਈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਰਾਣਾ ਪੰਜਾਬੀ ਕਹਾਣੀ ਦੀ ਮੁੱਖ ਧਾਰਾ ਨਾਲ ਵਰ ਮੇਚ ਕੇ ਵੱਡੇ ਅਰਥਾਂ ਵਾਲੀ ਕਹਾਣੀ ਲਿਖਣ ਵਾਲਾ ਵੱਡਾ ਕਹਾਣੀਕਾਰ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਵਿਦਵਾਨ ਲੇਖਕਾਂ ਵਿੱਚੋਂ ਪ੍ਰਸਿੱਧ ਆਲੋਚਕ ਡਾ. ਗੁਰਮੀਤ ਕੌਰ ਨੇ ਕਿਹਾ ਕਿ ਰਾਣਾ ਦੀਆਂ ਵੱਡੇ ਸਮਾਜਿਕ ਸਰੋਕਾਰਾਂ ਦਾ ਬਿਰਤਾਂਤ ਸਿਰਜਣ ਵਾਲੀਆਂ ਕਹਾਣੀਆਂ ਦੇ ਕੇਂਦਰ ਵਿੱਚ ਇਕ ਬੱਚਾ ਖੜ੍ਹਾ ਦਿਖਾਈ ਦਿੰਦਾ ਹੈ। ਨਾਵਲਕਾਰ ਹਰਜੀਤ ਕੌਰ ਵਿਰਕ ਨੇ ਆਖਿਆ ਕਿ ਇਸ ਕਿਤਾਬ ਦੀਆਂ ਕਹਾਣੀਆਂ ਦੇ ਨਾਂ, ਪਾਤਰ, ਵਿਸ਼ੇ ਤੇ ਅੰਤ ਕਹਾਣੀ ਕਲਾ ਦਾ ਸਿਖਰ ਸਿਰਜਦੇ ਹਨ। ਕਹਾਣੀਕਾਰ ਜਤਿੰਦਰ ਹਾਂਸ ਨੇ ਕਿਹਾ ਉਹ ਸਮਕਾਲੀ ਹੋਣ ਕਾਰਨ ਦਹਾਕਿਆਂ ਤੋਂ ਜਸਵੀਰ ਰਾਣਾ ਦੀ ਕਹਾਣੀ ਕਲਾ ਦੇ ਵਿਕਾਸ ਦਾ ਚਸ਼ਮਦੀਦ ਗਵਾਹ ਹਨ ਕਿ ਉਹ ਹਰ ਵਾਰ ਕਹਾਣੀ ਵਿੱਚ ਨਵਾਂ ਪ੍ਰਯੋਗ ਕਰਦਾ ਹੈ। ਨਾਵਲਕਾਰ ਅਮਨਪ੍ਰੀਤ ਸਿੰਘ ਮਾਨ ਨੇ ਕਹਾਣੀਆਂ ਵਿਚਲੇ ਹੌਰਰ ਐਲੀਮੈਂਟ ਦੇ ਹਵਾਲੇ ਨਾਲ 180 ਮਿੰਟ ਦਾ ਆਤੰਕ ਕਾਲ ਨੂੰ ਪੰਜਾਬੀ ਦੀ ਪਹਿਲੀ ਹੌਰਰ ਕਹਾਣੀ ਆਖ ਕੇ ਚਰਚਾ ਕੀਤੀ। ਨਾਵਲਕਾਰ ਬਲਦੇਵ ਸਿੰਘ ਭਾਕਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵੱਖਰੇ ਵਿਸ਼ਿਆਂ, ਪਾਤਰਾਂ ਤੇ ਕਥਾ ਜੁਗਤਾਂ ਵਾਲੀਆਂ ਕਹਾਣੀਆਂ ਲਿਖਣਾ ਸਿਰਫ ਜਸਵੀਰ ਰਾਣਾ ਦੇ ਹਿੱਸੇ ਹੀ ਆਇਆ ਹੈ। ਨਾਭਾ ਤੋਂ ਨਵਨੀਤ ਸਿੰਘ ਨੇ ਕਥਾ-ਪੁਸਤਕ ਵਿਚਲੀਆਂ ਕਹਾਣੀਆਂ ਨੂੰ ਵਿਦੇਸ਼ੀ ਅੰਗਰੇਜ਼ੀ ਕਥਾਕਾਰੀ ਦੇ ਪੱਧਰ ਦੀਆਂ ਆਖਿਆ। ਸਕੂਲ ਦੇ ਪ੍ਰਿੰਸੀਪਲ ਮਲਕੀਤ ਸਿੰਘ ਬਿਲਿੰਗ ਨੇ ਸਭ ਦਾ ਧੰਨਵਾਦ ਕੀਤਾ। ਇਸ ਵਿਚਾਰ-ਚਰਚਾ ਵਿੱਚ ਗੋਪੀ ਸ਼ਾਹਬਾਣਾ , ਸੱਤਾ ਸ਼ਾਹਬਾਣਾ, ਸਵਰਨ ਕੌਰ ਰਾਜੂ, ਸ਼ਾਨਵੀਰ ਸਿੰਘ, ਅਨੁਤਾਸ਼ ਕੌਰ, ਪਰਵਿੰਦਰ ਕੌਰ ਸੋਹੀ, ਜਸਵੀਰ ਕੌਰ ਤੂਰ, ਅੰਮ੍ਰਿਤ ਕੌਰ, ਸਤਵੀਰ ਕੌਰ, ਨੀਰਜ ਸਿੰਗਲਾ, ਗੁਰਦੀਪ ਕੌਰ, ਮਨਦੀਪ ਕੌਰ, ਸਿਮਰਨਜੀਤ ਕੌਰ, ਰਿੰਪੀ, ਅਰਜੁਨ ਸਿੰਘ, ਗਗਨਦੀਪ ਸ਼ਰਮਾ, ਅਮਨਜੀਤ ਸਿੰਘ, ਮਨਜੀਤ ਸਿੰਘ ਸੋਹੀ, ਯੁੱਗਵੀਰ ਸਿੰਘ, ਤਰਨਵੀਰ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ, ਸੁਖਜੀਤ ਕੌਰ, ਸ਼ੈਲਜਾ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੇ ਅੰਤ ਵਿੱਚ ਹਾਜ਼ਰ ਵਿਦਵਾਨ ਲੇਖਕਾਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਆਲੋਚਕ ਸੰਦੀਪ ਸਿੰਘ ਬਦੇਸ਼ਾ ਨੇ ਹਾਜ਼ਰੀ ਭਰੀ।
