ਮੈਡੀਕਲ ਵਿਦਿਆਰਥੀਆਂ ਵੱਲੋਂ ਖੂਨਦਾਨ ਜਾਗਰੂਕਤਾ ਮਾਰਚ
ਇਮਿਊਨੋਹੈਮਾਟੋਲੋਜੀ ਐਂਡ ਬਲੱਡ ਟਰਾਂਸਫਿਊਜ਼ਨ ਵਿਭਾਗ (ਬਲੱਡ ਸੈਂਟਰ), ਸਰਕਾਰੀ ਮੈਡੀਕਲ ਕਾਲਜ/ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਖੂਨ ਦਿਓ, ਉਮੀਦ ਦਿਓ: ਆਓ ਇਕੱਠੇ ਮਿਲ ਕੇ ਜਾਨਾਂ ਬਚਾਈਏ’ ਦੇ ਬੈਨਰ ਹੇਠ ਸਵੈ-ਇਛੁਕ ਖੂਨਦਾਨ ਬਾਰੇ ਜਾਗਰੂਕਤਾ ਪੈਦਲ-ਮਾਰਚ ਕੀਤਾ ਗਿਆ।
ਮਾਰਚ ਨੂੰ ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰ ਪੀ ਐੱਸ ਸਿਬੀਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਮਾਗਮ ਦੌਰਾਨ ਸਵੈ-ਇੱਛੁਕ ਖੂਨਦਾਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣ ਲਈ ਸਹੁੰ ਚੁੱਕ ਸਮਾਰੋਹ ਅਤੇ ਬੈਲੂਨ ਰਿਲੀਜ਼ ਰਸਮ ਵੀ ਅਦਾ ਕੀਤੀ ਗਈ।
ਇਸ ਦੌਰਾਨ ਐੱਮ ਬੀ ਬੀ ਐੱਸ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਹੋਰ ਸਟਾਫ ਮੈਂਬਰਾਂ ਨੇ ਉਤਸ਼ਾਹਪੂਰਵਕ ਭਾਗ ਲਿਆ ਜਿਨ੍ਹਾਂ ਨੇ ਸੁਰੱਖਿਅਤ, ਨਿਯਮਿਤ ਅਤੇ ਸਵੈ-ਛਿਕ ਖੂਨਦਾਨ ਦੇ ਸੁਨੇਹੇ ਵਾਲੀਆਂ ਤਖ਼ਤੀਆਂ ਨਾਲ ਪੈਦਲ ਮਾਰਚ ਕੀਤਾ। ਬੁਲਾਰਿਆਂ ਨੇ ਕਿਹਾ ਕਿ ਖਾਸ ਕਰਕੇ ਥੈਲੇਸੀਮੀਆ, ਕੈਂਸਰ, ਹਾਦਸੇ ਅਤੇ ਹੋਰ ਮੈਡੀਕਲ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਖੂਨ ਦੀ ਲਗਾਤਾਰ ਲੋੜ ਰਹਿੰਦੀ ਹੈ।
ਇਸ ਮੌਕੇ ਡਾ. ਰਾਜਨ ਸਿੰਗਲਾ, ਡਾ. ਪ੍ਰੀਤਕਮਲ ਸਿਬੀਆ, ਡਾ. ਪ੍ਰੀਤਿੰਦਰ ਚਹਿਲ, ਡਾ. ਮੋਨਿਕਾ ਗਰਗ, ਡਾ. ਮੋਹਨਵੀਰ ਕੌਰ, ਡਾ. ਰਜਨੀ ਬੱਸੀ, ਡਾ. ਸੀਮਾ ਗੋਇਲ, ਡਾ. ਮਨਜਿੰਦਰ ਮਾਨ, ਡਾ. ਪੂਨਮ ਸਿੰਘਲ, ਡਾ. ਵਿਨੋਦ ਡੰਗਵਾਲ ਅਤੇ ਡਾ. ਬਲਪ੍ਰੀਤ ਕੌਰ ਨੇ ਹਿੱਸਾ ਲਿਆ।
