ਬੀਕੇਯੂ ਡਕੌਂਦਾ ਤੇ ਉਗਰਾਹਾਂ ਨੇ ਸਮਰਾਲਾ ਰੈਲੀ ਦੀ ਤਿਆਰੀ ਖਿੱਚੀ
ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਚਮਕੌਰ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਕਿਹਾ ਕਿ ਕਿਸਾਨੀ ਵਿਰੋਧ ਸਦਕਾ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਸੀ ਵਾਪਸ ਲੈਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਅਨਾਜ ਮੰਡੀ ਸਮਰਾਲਾ ਵਿੱਚ ਜੇਤੂ ਰੈਲੀ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਬਲਾਕ ਦੀਆਂ ਸਾਰੀਆਂ ਇਕਾਈਆਂ ਨੂੰ ਸਿਰਤੋੜ ਯਤਨ ਕਰਨ ਦੀ ਜ਼ਰੂਰਤ ਹੈ। ਕਿਸਾਨ ਆਗੂਆਂ ਨੇ ਡੋਨਲਡ ਟਰੰਪ ਵੱਲੋਂ ਭਾਰਤੀ ਕਿਸਾਨ ਵਿਰੋਧੀ ਨੀਤੀਆਂ ਅਪਣਾਉਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਮੀਟਿੰਗ ਵਿੱਚ ਜਗਤਾਰ ਸਿੰਘ ਤੂਰ, ਗੁਰਧਿਆਨ ਸਿੰਘ ਭੱਟੀਵਾਲ, ਜਰਨੈਲ ਸਿੰਘ ਘਰਾਚੋਂ, ਲੱਖਾ ਸਿੰਘ ਕਪਿਆਲ, ਟਹਿਲ ਸਿੰਘ ਫੁੰਮਣਵਾਲ ਅਤੇ ਹਾਕਮ ਸਿੰਘ ਨਦਾਮਪੁਰ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਗੁਰਦੁਆਰਾ ਨੌਵੀਂ ਪਾਤਸ਼ਾਹੀ ਫੱਗੂਵਾਲਾ ਵਿੱਚ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਦਿੜਬਾ ਬਲਾਕ ਦੇ ਆਗੂ ਹਰਜੀਤ ਸਿੰਘ ਮਹਿਲਾਂ ਚੌਂਕ ਨੇ ਕਿਹਾ ਕਿ ਸਮਰਾਲਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਸੀ ਰੱਦ ਕਰਾਉਣ ਸਬੰਧੀ 24 ਅਗਸਤ ਨੂੰ ਜੇਤੂ ਰੈਲੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਸਾਰੀਆਂ ਪਿੰਡ ਇਕਾਈਆਂ ਨੇ ਵੱਡੀਆਂ ਬੱਸਾਂ ਭਰ ਕੇ ਸ਼ਾਮਲ ਹੋਣਾ ਹੈ।