ਬੀਕੇਯੂ ਆਜ਼ਾਦ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਿਆਂ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬਲਾਕ ਸੰਗਰੂਰ ਦੀ ਮੀਟਿੰਗ ਪਿੰਡ ਮੰਗਵਾਲ ਦੇ ਗੁਰੂ ਘਰ ਵਿੱਚ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜ੍ਹਤਾਂ ਲਈ ਨਿਗੂਣੇ ਮੁਆਵਜ਼ੇ ਐਲਾਨ ਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਦੂਜੇ ਪਾਸੇ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰਨ ਦੇ ਨਾਲ ਨਾਲ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰ ਰਹੀ ਹੈ। ਜਦਕਿ ਖੇਤੀ ਕਿੱਤੇ ਵਿੱਚੋਂ ਪ੍ਰਦੂਸ਼ਣ ਦੀ ਦਰ 6 ਫ਼ੀਸਦ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਨੁਕਸਾਨ ਦਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਗਿਆ ਮੁਆਵਜ਼ਾ ਦਿਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ’ਤੇ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਖ਼ਿਲਾਫ਼ 6 ਅਕਤੂਬਰ ਨੂੰ ਬਲਾਕ ਪੱਧਰ ’ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਮੀਟਿੰਗ ਦੌਰਾਨ ਵੱਖ-ਵੱਖ ਜਥੇਬੰਦੀਆਂ ਨੂੰ ਛੱਡ ਕੇ ਗੋਬਿੰਦਰ ਸਿੰਘ ਮੰਗਵਾਲ, ਗੁਰਦੀਪ ਕਮੋਮਾਜਰਾ, ਰਣਜੀਤ ਸਿੰਘ ਭੋਲਾ, ਗੁਰਵਿੰਦਰ ਬਡਰੁੱਖਾਂ, ਹਰਦਿਆਲ ਸਿੰਘ ਕਮੋਮਾਜਰਾ, ਸੁਰਜੀਤ ਸਿੰਘ ਗੋਦਾਰਾ, ਪਾਲ ਸਿੰਘ ਗੋਦਾਰਾ ਭਾਕਿਯੂ ਏਕਤਾ ਆਜ਼ਾਦ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਜ਼ਲ੍ਹਿਾ ਆਗੂ ਜਸਵੀਰ ਮੈਦੇਵਾਸ, ਸੰਤ ਰਾਮ ਛਾਜਲੀ, ਅਮਰ ਲੌਂਗੋਵਾਲ, ਰਾਜਪਾਲ ਮੰਗਵਾਲ, ਬਲਾਕ ਆਗੂ ਬਾਰਾ ਮੰਗਵਾਲ, ਸੁਖਦੇਵ ਲੌਂਗੋਵਾਲ ਆਦਿ ਮੌਜੂਦ ਸਨ।