ਭਾਜਪਾ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ ਚੋਣਾਂ: ਹਰਪਾਲਪੁਰ
ਆਗਾਮੀ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਭਾਜਪਾਟੀ ਵੱਲੋਂ ਆਪਣੇ ਪਾਰਟੀ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਲੜੀਆਂ ਜਾਣਗੀਆਂ। ਇਹ ਗੱਲਾਂ ਭਾਜਪਾ ਦੇ ਸੀਨੀਅਰ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦਾ ਸਰਪੰਚੀ ਚੋਣਾਂ ਵਾਂਗ ਵਿਸ਼ੇਸ਼ ਮਹੱਤਵ ਹੁੰਦਾ ਹੈ। ਬਲਾਕ ਸਮਿਤੀਆਂ ਵੱਲੋਂ ਪੰਚਾਇਤੀ ਜ਼ਮੀਨਾਂ ਦੀ ਬੋਲੀ ਕਰਕੇ ਪ੍ਰਾਪਤ ਕੀਤਾ ਪੈਸਾ ਪੰਚਾਇਤਾਂ ਰਾਹੀਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾਂਦਾ ਹੈ। ਪਿੰਡਾਂ ਦੇ ਵਿਕਾਸ ਕਾਰਜ ਮੁਕੰਮਲ ਕਰਨ ਲਈ ਪੰਚਾਇਤਾਂ ਦੇ ਨਾਲ ਬਲਾਕ ਸਮਿਤੀਆਂ ਦਾ ਵੱਡਾ ਸਹਿਯੋਗ ਤੇ ਰਾਬਤਾ ਰਹਿੰਦਾ ਹੈ ਜਿਸ ਕਰਕੇ ਬਲਾਕ ਸਮਿਤੀ ਦੇ ਮੈਂਬਰ ਚੰਗੇ ਪੜ੍ਹੇ-ਲਿਖੇ ਮੋਹਤਵਰ ਵਿਅਕਤੀਆਂ ਨੂੰ ਬਣਾਉਣਾ ਚਾਹੀਦਾ ਹੈ।
ਹਰਪਾਲਪੁਰ ਨੇ ਹੋਰ ਕਿਹਾ ਪੰਚਾਇਤੀ ਚੋਣਾਂ ਤੇ ਮਿਉਂਸਿਪਲ ਚੋਣਾਂ ਵਾਂਗ ਹੁਣ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਸਰਕਾਰੀ ਤੇ ਪੁਲੀਸ ਤੰਤਰ ਨਾਲ ਲੁੱਟਣ ਨਹੀਂ ਦਿਤਾ ਜਾਵੇਗਾ। ਭਾਜਪਾ ਆਗੂ ਤੇ ਵਰਕਰ ਸਰਕਾਰੀ ਤੰਤਰ ਦਾ ਡੱਟ ਕੇ ਵਿਰੋਧ ਅਤੇ ਮੁਕਾਬਲਾ ਕਰਨਗੇ। ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਤੇ ਝਾੜੂ ਪਾਰਟੀ ਦਾ ਗਰਾਫ ਬਹੁਤ ਨੀਵੇਂ ਪੱਧਰ ਤੱਕ ਡਿੱਗ ਚੁੱਕਾ ਹੈ। ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਬੁਰੀ ਹਾਰ ਨੂੰ ਸਾਹਮਣੇ ਵੇਖ ਕੇ ਸਰਕਾਰ ਇਨ੍ਹਾਂ ਚੋਣਾਂ ਨੂੰ ਵੀ ਪੰਚਾਇਤਾਂ ਦੀਆਂ ਚੋਣਾਂ ਵਾਂਗ ਨਾਜਾਇਜ਼ ਤਰੀਕਿਆਂ ਨਾਲ ਜਿੱਤਣਾ ਲੁੱਟਣਾ ਚਾਹੁੰਦੀ ਹੈ ਪਰ ਭਾਜਪਾ ਇਨ੍ਹਾਂ ਦੇ ਅਜਿਹੇ ਮਨਸੂਬੇ ਕਦਾਚਿਤ ਵੀ ਸਫਲ ਨਹੀਂ ਹੋਣ ਦੇਵੇਗੀ।
ਕੈਪਸ਼ਨ: ਹਰਵਿੰਦਰ ਸਿੰਘ ਹਰਪਾਲਪੁਰ
