ਬਿੱਟੂ ਵੱਲੋਂ ਧੂਰੀ ਰੇਲਵੇ ਸਟੇਸ਼ਨ ਦਾ ਦੌਰਾ; ਯਾਤਰੀਆਂ ਦੀਆਂ ਮੁਸ਼ਕਲਾਂ ਸੁਣੀਆਂ
ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 29 ਜੂਨ
ਕੇਂਦਰ ਸਰਕਾਰ ਦੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਧੂਰੀ ਰੇਲਵੇ ਸਟੇਸ਼ਨ ਦਾ ਦੌਰਾ ਕਰਦਿਆਂ ਰੇਲਵੇ ਸਟੇਸ਼ਨ ’ਤੇ ਮੁਸਾਫਿਰਾਂ ਦੀਆਂ ਮੁਸ਼ਕਲਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਦੱਸਿਆ ਕਿ ਧੂਰੀ ਦੀ ਭਾਜਪਾ ਟੀਮ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ਕਿ ਧੂਰੀ ਸ਼ਹਿਰ ਵਿੱਚ 62-ਏ ਫਾਟਕਾਂ ’ਤੇ ਰੇਲਵੇ ਓਵਰਬ੍ਰਿਜ ਨਾ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲ ਜਲਦੀ ਬਣਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਧੂਰੀ ਰੇਲਵੇ ਸਟੇਸ਼ਨ ਤੋਂ ਇਲਾਵਾ ਪੰਜਾਬ ਦੇ ਹੋਰ ਰੇਲਵੇ ਸਟੇਸ਼ਨਾਂ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਰਵਨੀਤ ਬਿੱਟੂ ਨੇ ‘ਆਪ’ ਸਰਕਾਰ ਖ਼ਿਲਾਫ਼ ਸਿਆਸੀ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਥਾਂ ਦਿੱਲੀ ਤੋਂ ਚੱਲਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਕਾਗਜ਼ੀ ਮੁੱਖ ਮੰਤਰੀ ਹਨ ਤੇ ਹੁਣ ਉਨ੍ਹਾਂ ਦੇ ਧੂਰੀ ਆਉਣ ਤੋਂ ਬਾਅਦ ਧੂਰੀ ਰੇਲਵੇ ਓਵਰਬ੍ਰਿੱਜ ਲਈ 54,76 ਕਰੋੜ ਦੀ ਕੀਤੀ ਗਰਾਂਟ ਜਾਰੀ ਕਰਕੇ ਮਹਿਜ਼ ਇੱਕ ਸਿਆਸੀ ਡਰਾਮਾ ਰਚਿਆ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ‘ਆਪ’ ਸਰਕਾਰ ਨੂੰ ਬਣਿਆ ਕਰੀਬ ਤਿੰਨ ਤੋਂ ਚਾਰ ਸਾਲ ਦਾ ਸਮਾਂ ਹੋ ਗਿਆ ਹੈ ਪਰ ਇਹ ਸਰਕਾਰ ਪੰਜਾਬ ਦਾ ਵਿਕਾਸ ਕਰਨ ਦੀ ਥਾਂ ਨਿੱਜੀ ਦੁਸ਼ਮਣੀਆਂ ਕੱਢਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਸਿਆਸਤ ਵਿੱਚ ਬਿਲਕੁਲ ਅਨਾੜੀ ਹਨ। ਉਨ੍ਹਾਂ ਕਿਹਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਇੱਕ ਸਿਆਸੀ ਸਟੰਟ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਇਸ ਕਾਨੂੰਨੀ ਕਾਰਵਾਈ ਰਾਹੀਂ ਮਜੀਠੀਆ ਨੂੰ ਬਚਾਇਆ ਜਾ ਰਿਹਾ ਹੈ ਅਤੇ ਜਿਹੜਾ ਪਰਚਾ ਮਜੀਠੀਆ ਖ਼ਿਲਾਫ਼ ਦਿੱਤਾ ਗਿਆ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਪਰ ਉਸ ਨੂੰ ਯੁੱਧ ਨਸ਼ਿਆਂ ਵਿਰੁੱਧ ਜੋੜ ਕੇ ਸਿਆਸੀ ਵਾਹ-ਵਾਹ ਖੱਟੀ ਜਾ ਰਹੀ ਹੈ।
ਬਿੱਟੂ ਨੇ ਕਿਹਾ ਪਿਛਲੇ ਦਿਨੀਂ ਅਹਿਮਾਦਾਬਾਦ ਵਿੱਚ ਵਾਪਰੇ ਹਵਾਈ ਹਾਦਸੇ ਦੀ ਜਾਂਚ ਦੇ ਨਾਲ ਨਾਲ ਏਅਰ ਇੰਡੀਆ ਕੰਪਨੀ ਖ਼ਿਲਾਫ਼ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਮੌਕੇ ਜਸਵਿੰਦਰ ਸਿੰਘ ਰਿਖੀ, ਪ੍ਰਦੀਪ ਕੁਮਾਰ, ਭੂਪੇਸ਼ ਜਿੰਦਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਇਸੇ ਦੌਰਾਨ ਸੀਨੀਅਰ ਸਿਟੀਜ਼ਨ ਵੈੱਲਫੇਅਰ ਧੂਰੀ ਦਾ ਵਫ਼ਦ ਪ੍ਰਧਾਨ ਜਗਦੀਸ਼ ਚੰਦਰ ਸ਼ਰਮਾ, ਸਕੱਤਰ ਚਰਨਜੀਤ ਸਿੰਘ ਕੈਂਥ ਅਤੇ ਸਮਾਜ ਸੇਵੀ ਮਦਨ ਲਾਲ ਵਰਮਾ ਦੀ ਅਗਵਾਈ ਵਿੱਚ ਰਵਨੀਤ ਬਿੱਟੂ ਨੂੰ ਮਿਲਿਆ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।