ਭਵਾਨੀਗੜ੍ਹ: ਪੰਪ ਅਪਰੇਟਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਬੇਸਿੱਟਾ, ਘਰਾਚੋਂ ’ਚ ਪਾਣੀ ਦੀ ਟੈਂਕੀ ’ਤੇ ਡਟੇ ਰਹੇ ਸੰਘਰਸ਼ੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਅਕਤੂਬਰ
ਪੰਪ ਅਪਰੇਟਰਜ਼ ਐਸੋਸੀਏਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਅੱਜ ਮੀਟਿੰਗ ਬੇਸਿੱਟਾ ਰਹਿਣ ਕਾਰਨ ਨੇੜਲੇ ਪਿੰਡ ਘਰਾਚੋਂ ਵਿਖੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਅਪਰੇਟਰਾਂ ਵੱਲੋਂ ਚੌਥੇ ਦਿਨ ਪੈਂਦੇ ਮੀਂਹ ਦੌਰਾਨ ਆਪਣਾ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਮੀਤ ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਏਡੀਸੀ ਸੰਗਰੂਰ ਸਮੇਤ ਐੱਸਡੀਐੱਮ ਵਨਿੀਤ ਕੁਮਾਰ ਨਾਲ ਜਥੇਬੰਦੀ ਦੇ ਵਫਦ ਦੀ ਮੀਟਿੰਗ ਹੋਈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਧਰਨਾ ਸਮਾਪਤ ਕਰਨ ਦੀ ਸ਼ਰਤ ਲਗਾਈ, ਜਦੋਂ ਵਫਦ ਵੱਲੋਂ ਦਲੀਲ ਦਿੱਤੀ ਗਈ ਕਿ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੇ ਨਤੀਜਿਆਂ ਉਪਰੰਤ ਹੀ ਧਰਨਾ ਸਮਾਪਤ ਕਰਨ ਬਾਰੇ ਸੋਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੈਂਕੀ ’ਤੇ ਚੜ੍ਹੇ ਅਪਰੇਟਰਾਂ ਵਿੱਚੋਂ ਕੱਲ੍ਹ ਦੋ ਜਣਿਆਂ ਦੀ ਸਿਹਤ ਢਿੱਲੀ ਹੋ ਗਈ ਸੀ, ਜਨਿ੍ਹਾਂ ਵਿੱਚੋਂ ਜਸਵੀਰ ਸਿੰਘ ਦੀ ਮੀਂਹ ਕਾਰਨ ਸਿਹਤ ਵਿਗੜ ਗਈ ਅਤੇ ਡਾਕਟਰਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਟੈਂਕੀ ਹੇਠਾਂ ਇਕੱਤਰ ਹੋਏ ਪੰਪ ਅਪਰੇਟਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਖਜ਼ਾਨਚੀ ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਅਵਤਾਰ ਸਿੰਘ, ਮਹਿੰਦਰ ਸਿੰਘ ਮਾਲੇਰਕੋਟਲਾ ਪ੍ਰਧਾਨ ਰਣਜੀਤ ਸਿੰਘ ਮੋਗਾ ਅਤੇ ਬੋਹੜ ਸਿੰਘ ਸਮੇਤ ਵੱਡੀ ਗਿਣਤੀ ਵਿਚ ਜਲ ਸਪਲਾਈ ਪੰਪ ਅਪਰੇਟਰਜ਼ ਹਾਜ਼ਰ ਸਨ।