ਭਗਵੰਤ ਮਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ। ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵੜੈਚ ਚੂੰਘਾਂ, ਮੈਂਬਰ ਜਗਤਾਰ ਸਿੰਘ ਘਨੌਰ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਅਮਰਗੜ੍ਹ ਹਲਕੇ ਦੇ ਪਿੰਡ ਲਾਡੇਵਾਲ ਦੇ ਪੁਲ ਤੋਂ ਚੱਲ ਰਹੀ ਮਾਈਨਰ ਨੂੰ ਰੀਮਾਂਡਲਿੰਗ ਕਰਕੇ ਮਿਨੀ ਨਹਿਰ ਸ਼ਾਦਤਪੁਰ ਤੱਕ, ਮੇਨ ਬ੍ਰਾਂਚ ਅਤੇ ਉਸ ਤੋਂ ਅੱਗੇ ਬਣਨ ਵਾਲੀਆਂ ਦੋ ਬ੍ਰਾਂਚਾਂ ਨੇ ਹਲਕੇ ਧੂਰੀ ਦੇ ਪਿੰਡਾਂ ਵਿੱਚੋਂ ਲੰਘ ਕੇ ਮਹਿਲ ਕਲਾਂ ਹਲਕੇ ਵਿੱਚ ਪ੍ਰਵੇਸ਼ ਕਰਨਾ ਹੈ।
ਆਗੂਆਂ ਨੇ ਦੱਸਿਆ ਕਿ ਚਾਰ ਹਲਕਿਆਂ ਦੇ 50 ਪਿੰਡਾਂ ਲਈ ਵਰਦਾਨ ਸਾਬਤ ਹੋਣ ਵਾਲੀ ਮਿਨੀ ਨਹਿਰ ਸਬੰਧੀ ਨਹਿਰੀ ਵਿਭਾਗ ਨੇ ਕੰਮ ਸ਼ੁਰੂੁ ਕਰ ਦਿੱਤਾ ਹੈ ਅਤੇ ਐਕੁਆਇਰ ਹੋਈਆਂ ਜ਼ਮੀਨਾਂ ਦੇ ਸਬੰਧਿਤ ਐੱਸ ਡੀ ਐੱਮਜ਼ ਵੱਲੋਂ ਅਵਾਰਡ ਬਣਾ ਕੇ ਲੋਕਾਂ ਦੇ ਖਾਤਿਆਂ ਵਿੱਚ ਪਹਿਲ ਦੇ ਆਧਾਰ ’ਤੇ ਰਕਮ ਪਾਈ ਜਾਵੇ।
ਆੜ੍ਹਤੀ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਮੁੱਖ ਮੰਤਰੀ ਕੋਲ ਧੂਰੀ ਮੰਡੀ ਦੇ ਨੀਵੇਂ ਫੜ੍ਹ ਉੱਚੇ ਕਰਨ, ਸ਼ੈੱਡਾਂ ‘ਚੋ ਪਾਣੀ ਨਿਕਾਸੀ, ਸਲਿੱਪ ਰੋਡ ਮਾਨਵਾਲਾ ਬਣਾਏ ਜਾਣ ਅਤੇ ਕਿਸਾਨਾਂ ਲਈ ਮੰਡੀ ‘ਚ ਬਾਥਰੂਮ, ਟਾਇਲਟ ਅਤੇ ਪਖਾਨਿਆਂ ਦੀ ਘਾਟ ਪੂਰੀ ਕਰਨ ਦੀ ਮੰਗ ਰੱਖੀ। ਧੂਰੀ ਵਿਕਾਸ ਮੰਚ ਦੇ ਪ੍ਰਧਾਨ ਅਮਨ ਗਰਗ, ਸੁਰਿੰਦਰਪਾਲ ਨੀਟਾ ਅਤੇ ਮਨੋਹਰ ਸਿੰਘ ਸੱਗੂ ਨੇ ਧੂਰੀ ਹਸਪਤਾਲ ‘ਚ ਡਾਇਲਅਸਿਸ ਮਸ਼ੀਨ ਸਥਾਪਤ ਕਰਨ, ਡਾਕਖਾਨਾ ਧੂਰੀ ਵਿੱਚ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਬਣਾਉਣ ਸਣੇ ਹੋਰ ਮੰਗਾਂ ਰੱਖੀਆਂ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਸਾਹਿਤਕਾਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਭਾਸ਼ਾ ਸਲਾਹਕਾਰ ਬੋਰਡ ਬਣਾਉਣ, ਭਾਸ਼ਾ ਕਾਨੂੰਨ ‘ਚ ਸੋਧ ਕਰਨ, ਲੇਖਕਾ ਦਾ ਬੱਸ ਕਿਰਾਇਆ ਮੁਆਫ ਕਰਨ ਦੀ ਗੱਲ ਕੀਤੀ। ਇਸ ਮੌਕੇ ਮੁੱਖ ਮੰਤਰੀ ਨਾਲ ਲਘੂ ਉਦਯੋਗ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸੋਕ ਕੁਮਾਰ ਲੱਖਾ, ਵਕਫ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ ਅਤੇ ਪਰਮਿੰਦਰ ਸਿੰਘ ਪੰਨੂ ਕਾਤਰੋਂ ਹਾਜ਼ਰ ਸਨ।
ਪੱਤਰਕਾਰਾਂ ਨੂੰ ਮਿਲਣੀ ਤੋਂ ਦੂਰ ਰੱਖਿਆ
ਮੁੱਖ ਮੰਤਰੀ ਭਗਵੰਤ ਮਾਨ ਦੀ ਧੂਰੀ ਦਫ਼ਤਰ ਵਿੱਚ ਲੋਕ ਮਿਲਣੀ ਤੋਂ ਪੱਤਰਕਾਰਾਂ ਨੂੰ ਦੂਰ ਰੱਖਿਆ ਗਿਆ ਉਂਜ ਕੁੱਝ ਪੱਤਰਕਾਰਾਂ ਨੂੰ ਲੋਕ ਸੰਪਰਕ ਵਿਭਾਗ ਦੇ ਡੀ ਪੀ ਆਰ ਓ ਦੀ ਦਖਲਅੰਦਾਜੀ ਮਗਰੋਂ ਮੁੱਖ ਗੇਟ ਤੋਂ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ। ਮੁੱਖ ਮੰਤਰੀ ਦੀ ਆਮਦ ਕਾਰਨ ਬਾਜ਼ਾਰ ਵਿੱਚ ਲੱਗਦੀਆਂ ਰੇਹੜੀਆਂ ਅੱਜ ਦਿਖਾਈ ਨਾ ਦਿੱਤੀਆਂ।
