ਬਠੋਈ ਕਲਾਂ ਪੰਚਾਇਤੀ ਜ਼ਮੀਨ ਦਾ ਮਾਮਲਾ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨੇ ਦਾ ਐਲਾਨ
ਉੱਚ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪਿੰਡ ਬਠੋਈ ਕਲਾਂ ਦੇ ਐੱਸਸੀ ਭਾਈਚਾਰੇ ਦੀ ਤੀਜੇ ਹਿੱਸੇ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਨਾ ਦਿਵਾਉਣ ਅਤੇ ਜ਼ਮੀਨ ’ਤੇ ਨਾਜਾਇਜ਼ ਕਬਜ਼ੇਕਾਰਾਂ ਵੱਲੋਂ ਮਜ਼ਦੂਰਾਂ, ਐੱਸਸੀ ਭਾਈਚਾਰੇ ਨੂੰ ਕਥਿਤ ਜਾਤੀ ਸੂਚਕ ਅਪਸ਼ਬਦ ਬੋਲਣ ਤੇ ਕੁੱਟਮਾਰ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਹੋਣ ਖ਼ਿਲਾਫ਼ ਪਿੰਡ ਦੀ ਧਰਮਸ਼ਾਲਾ ਵਿੱਚ ਐੱਸਸੀ ਭਾਈਚਾਰੇ ਵੱਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ 18 ਅਗਸਤ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਦੀਆਂ ਦਲਿਤ ਵਰਗ ਨਾਲ ਸਬੰਧਿਤ ਵੱਖ-ਵੱਖ ਸਮਾਜਿਕ, ਰਾਜਨੀਤਿਕ, ਧਾਰਮਿਕ ਇਨਸਾਫ਼ ਪਸੰਦ ਅਤੇ ਅੰਬੇਡਕਰਵਾਦੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫ਼ਰੰਟ ਪੰਜਾਬ, ਦਰਸ਼ਨ ਸਿੰਘ ਮੈਣ ਯੂਥ ਵਿੰਗ ਪ੍ਰਧਾਨ ਵਾਲਮੀਕੀ ਤੀਰਥ ਅੰਮ੍ਰਿਤਸਰ, ਡਾ. ਦਲਜੀਤ ਸਿੰਘ ਚੌਹਾਨ ਸੂਬਾ ਪ੍ਰਧਾਨ, ਰਾਜ ਸਿੰਘ ਟੋਡਰਵਾਲ ਪ੍ਰਧਾਨ ਜਬਰ ਜ਼ੁਲਮ ਵਿਰੋਧੀ ਫ਼ਰੰਟ ਅਤੇ ਅਵਤਾਰ ਸਿੰਘ ਸਹੋਤਾ ਪ੍ਰਧਾਨ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਅਤੇ ਗੁਰਦੀਪ ਸਿੰਘ ਕਾਲੀ ਖੰਨਾ ਨੇ ਕਿਹਾ ਕਿ ਬੀਤੇ ਦਿਨੀਂ ਬਠੋਈ ਕਲਾਂ ਵਿੱਚ ਪੰਚਾਇਤੀ ਸ਼ਾਮਲਾਟ ਜ਼ਮੀਨ ਦੀ ਬੋਲੀ ਮਗਰੋਂ ਕੁੱਝ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਐੱਸਸੀ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਦੀ ਕਥਿਤ ਕੁੱਟਮਾਰ ਕੀਤੀ ਗਈ ਅਤੇ ਜਾਤੀਸੂਚਕ ਸ਼ਬਦ ਬੋਲੇ ਗਏ। ਐੱਸਸੀ/ਐੱਸਟੀ ਐਕਟ ਅਧੀਨ ਕੇਸ ਵਿੱਚ ਨਾਮਜ਼ਦ 11 ਜਣਿਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਨਾ ਹੀ ਪੰਚਾਇਤੀ ਜ਼ਮੀਨ ਦੇ ਕਬਜ਼ੇ ਲੈ ਕੇ ਦਿੱਤੇ ਗਏ।