ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ ’ਚ ਆੜ੍ਹਤੀਆਂ ਦੀ ਹੜਤਾਲ ਕਾਰਨ ਬਾਸਮਤੀ ਦੀ ਖਰੀਦ ਠੱਪ

ਰਾਈਸ ਮਿੱਲਰਜ਼ ਵੱਲੋਂ ਖਰੀਦੀ ਫ਼ਸਲ ਦੀ ਅਦਾਇਗੀ ਸੱਤ ਦਿਨਾਂ ਦੀ ਬਜਾਇ 15 ਦਿਨਾਂ ਅੰਦਰ ਕਰਨ ਤੋਂ ਖਫ਼ਾ ਨੇ ਆੜ੍ਹਤੀਏ
ਸੰਗਰੂਰ ਅਨਾਜ ਮੰਡੀ ’ਚ ਕੰਮ ’ਚ ਜੁਟੇ ਮਜ਼ਦੂਰ।
Advertisement

ਬਾਸਮਤੀ ਝੋਨੇ ਦੀ ਫ਼ਸਲ ਦੀ ਖਰੀਦ ਕਰਨ ਵਾਲੇ ਪ੍ਰਾਈਵੇਟ ਰਾਈਸ ਮਿੱਲਰਜ਼ ਵੱਲੋਂ ਅਦਾਇਗੀ ਇੱਕ ਹਫ਼ਤੇ ਅੰਦਰ ਦੇਣ ਦੀ ਬਜਾਇ 15 ਦਿਨ ਬਾਅਦ ਦੇਣ ਦੇ ਲਏ ਫੈਸਲੇ ਤੋਂ ਖਫ਼ਾ ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਬਾਸਮਤੀ ਝੋਨੇ ਦੀ ਬੋਲੀ ਦਾ ਕੰਮ-ਕਾਜ ਬੰਦ ਕਰ ਦਿੱਤਾ ਹੈ। ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਵਿਚਕਾਰ ਪੈਦਾ ਹੋਏ ਇਸ ਵਿਵਾਦ ਕਾਰਨ ਬਾਸਮਤੀ ਝੋਨਾ ਲੈ ਕੇ ਪੁੱਜੇ ਕਿਸਾਨਾਂ ਦੀ ਫਸਲ ਦੀ ਅੱਜ ਬੋਲੀ ਨਹੀਂ ਹੋ ਸਕੀ। ਭਾਵੇਂ ਅੱਜ ਬਾਅਦ ਦੁਪਹਿਰ ਰਾਈਸ ਮਿੱਲਰਜ਼ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿਚਕਾਰ ਮਸਲੇ ਦੇ ਹੱਲ ਲਈ ਮੀਟਿੰਗ ਵੀ ਹੋਈ ਪਰ ਇਹ ਬੇਸਿੱਟਾ ਰਹੀ। ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਵਲੋਂ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਪੱਤਰ ਵੀ ਲਿਖਿਆ ਹੈ।

ਭਾਵੇਂ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਫਿਲਹਾਲ ਅਨਾਜ ਮੰਡੀਆਂ ਵਿੱਚ ਸਿਰਫ਼ ਬਾਸਮਤੀ ਝੋਨੇ ਦੀ ਫ਼ਸਲ ਦੀ ਆਮਦ ਹੀ ਹੋ ਰਹੀ ਹੈ ਜੋ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਖ਼ਰੀਦੀ ਜਾ ਰਹੀ ਹੈ। ਆੜ੍ਹਤੀਆਂ ਵੱਲੋਂ ਰੋਜ਼ਾਨਾ ਬਾਸਮਤੀ ਝੋਨੇ ਦੀ ਬੋਲੀ ਕਰਵਾਈ ਜਾ ਰਹੀ ਹੈ। ਵਿਕੇ ਹੋਏ ਬਾਸਮਤੀ ਝੋਨੇ ਦੀ ਫ਼ਸਲ ਦੀ ਪੇਮੈਂਟ ਇੱਕ ਹਫ਼ਤੇ ਅੰਦਰ ਰਾਈਸ ਮਿੱਲਰਜ਼ ਵੱਲੋਂ ਕੀਤੀ ਜਾਂਦੀ ਸੀ ਪਰ ਹੁਣ ਰਾਈਸ ਮਿੱਲਰਜ਼ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਪੇਮੈਂਟ ਦੀ ਅਦਾਇਗੀ 15 ਦਿਨਾਂ ਅੰਦਰ ਕਰਨਗੇ। ਇਸ ਫੈਸਲੇ ਨੂੰ ਆੜ੍ਹਤੀ ਐਸੋਸੀਏਸ਼ਨ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਅਤੇ ਰੋਹ ਵਿੱਚ ਬਾਸਮਤੀ ਝੋਨੇ ਦੀ ਬੋਲੀ ਕਰਾਉਣ ਦਾ ਕੰਮ-ਕਾਜ ਠੱਪ ਕਰ ਦਿੱਤਾ ਗਿਆ। ਇਸ ਵਿਵਾਦ ਕਾਰਨ ਫ਼ਸਲ ਦੀ ਬੋਲੀ ਨਹੀਂ ਹੋਈ ਅਤੇ ਕਿਸਾਨਾਂ ਨੂੰ ਅਨਾਜ ਮੰਡੀ ਵਿਚ ਬੋਲੀ ਦੀ ਉਡੀਕ ਕਰਨੀ ਪੈ ਰਹੀ ਹੈ।

Advertisement

ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਐਸੋਸੀਏਸ਼ਨ ਦਾ ਇਜਲਾਸ ਹੋਇਆ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਰਾਈਸ ਮਿੱਲਰਜ਼ ਵੱਲੋਂ 15 ਦਿਨਾਂ ਦੇ ਅੰਦਰ ਅਦਾਇਗੀ ਕਰਨ ਦਾ ਫੈਸਲਾ ਸਹੀ ਨਹੀਂ ਹੈ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਰਾਈਸ ਮਿੱਲਰਜ਼ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੇਮੈਂਟ ਦੀ ਅਦਾਇਗੀ ਇੱਕ ਹਫ਼ਤੇ ਅੰਦਰ ਕੀਤੀ ਜਾਂਦੀ ਹੈ ਅਤੇ ਜ਼ਿਲ੍ਹਾ ਭਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਦਾਇਗੀ ਦੀ ਸਮਾਂ ਸੀਮਾ ਇੱਕ ਹਫ਼ਤੇ ਦੀ ਹੈ।

ਨੀਨਾ ਮਿੱਤਲ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਅਨਾਜ ਮੰਡੀ ਰਾਜਪੁਰਾ ਵਿੱਚ ਵਿਧਾਇਕਾ ਨੀਨਾ ਮਿੱਤਲ ਨੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨਾਲ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਦੀ ਪਹਿਲੀ ਬੋਲੀ ਕਰਵਾਈ ਗਈ। ਸਰਕਾਰੀ ਖ਼ਰੀਦ ਦੀ ਪਹਿਲੀ ਬੋਲੀ ਵਾਲੀ ਫ਼ਸਲ (ਪੀਆਰ 126 ਕਿਸਮ) ਕਿਸਾਨ ਬਲਜਿੰਦਰ ਸਿੰਘ ਵੱਲੋਂ ਲਿਆਂਦੀ 50 ਕੁਇੰਟਲ ਦੀ ਢੇਰੀ ਦੀ ਬੋਲੀ ਸੀ। ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਉਣ ਉਪਰੰਤ ਵਿਧਾਇਕਾ ਬੀਬੀ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਇਸ ਵਾਰ ਸਰਕਾਰੀ ਖ਼ਰੀਦ 15 ਦਿਨ ਪਹਿਲਾਂ ਸ਼ੁਰੂ ਕਰਵਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਆਉਣ ਵਾਲੀ ਫ਼ਸਲ ਕਿਸਾਨ ਭਰਾਵਾਂ ਨੇ ਪੁੱਤਰਾ ਵਾਂਗ ਛੇ ਮਹੀਨੇ ਦੀ ਮਿਹਨਤ ਨਾਲ ਪਾਲੀ ਹੁੰਦੀ ਹੈ। ਇਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਸਮੇਂ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫ਼ਸਲ ਵਿਕਣ ਉਪਰੰਤ 24 ਘੰਟੇ ਦੇ ਵਿੱਚ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਲਈ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਰੱਖਣ ਲਈ 52 ਸ਼ੈਲਰਾਂ ਨੂੰ ਅਲਾਟਮੈਂਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਦੀ ਖ਼ਰਾਬੀ ਕਾਰਨ ਝੋਨੇ ਦਾ ਝਾੜ ਘੱਟ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਦਿਨ ਸਮੇਂ ਹੀ ਵਢਵਾਉਣ ਅਤੇ ਸੁੱਕੀ ਫ਼ਸਲ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਨਮੀ ਦੀ ਮਾਤਰਾ ਕਾਰਨ ਫ਼ਸਲ ਵੇਚਣ ਸਮੇਂ ਪ੍ਰੇਸ਼ਾਨ ਨਾ ਹੋਣਾ ਪਵੇ। ਇਸ ਮੌਕੇ ਕਿਸਾਨ ਬਲਜਿੰਦਰ ਸਿੰਘ ਭੱਪਲ ਨੇ ਕਿਹਾ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਆਉਣ ਸਾਰ ਵਿਕ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਬੂਟੇ ਛੋਟੇ ਰਹਿਣ ਕਾਰਨ ਝਾੜ ਘੱਟ ਨਿਕਲ ਰਿਹਾ ਹੈ ਜਿਸ ਲਈ ਸਰਕਾਰ ਉਨ੍ਹਾਂ ਨੂੰ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਵੇ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਜਸਵਿੰਦਰ ਸਿੰਘ, ‘ਆਪ ਦੇ ਸੰਗਠਨ ਇੰਚਾਰਜ ਰਿਤੇਸ਼ ਬਾਂਸਲ, ਮਨਦੀਪ ਸਿੰਘ ਸਰਾਓ, ਅਮਨ ਸੈਣੀ ਸਮੇਤ ਹੋਰ ਕਈ ਆਗੂ ਅਤੇ ਆੜ੍ਹਤੀ ਭਾਈਚਾਰਾ ਮੌਜੂਦ ਸੀ।

Advertisement
Show comments