ਪ੍ਰਸ਼ਨੋਤਰੀ ’ਚ ਬਹਾਦਰਪੁਰ ਸਕੂਲ ਅੱਵਲ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਅਕਾਲ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿਚ ਕਰੀਬ 15 ਟੀਮਾਂ ਨੇ ਹਿੱਸਾ ਲਿਆ। ਇਹ ਮੁਕਾਬਲੇ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਸਤਪਾਲ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਕਰਨਬੀਰ ਸਿੰਘ ਮਾਨ, ਹਰਪ੍ਰੀਤ ਸਿੰਘ ਸ਼ੈਲੀ, ਕੁਲਵੰਤ ਸਿੰਘ ਨਾਗਰੀ, ਗੁਰਮੇਲ ਸਿੰਘ, ਬਲਵੰਤ ਸਿੰਘ ਭੀਖੀ, ਹਰਵਿੰਦਰ ਕੌਰ ਅਤੇ ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਹੋਏ। ਸਟੱਡੀ ਸਰਕਲ ਆਗੂ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਪਿੰਡ ਬਹਾਦਰਪੁਰ, ਦਿੱਲੀ ਪਬਲਿਕ ਸਕੂਲ ਧੂਰੀ ਅਤੇ ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਨੇ ਕਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ। ਕੁਲਵੰਤ ਸਿੰਘ ਨਾਗਰੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਸ਼ਰੀ ਗਾਇਨ ਤੇ ਦਸਤਾਰ ਸਜਾਉਣ ਮੁਕਾਬਲੇ 24 ਨਵੰਬਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿਖੇ ਹੋਵੇਗਾ।
