ਬਹਾਦਰ ਸਿੰਘ ਵਾਲਾ ਡਰੇਨ ਦੀ ਸਫ਼ਾਈ ਲਈ ਸਬ-ਤਹਿਸੀਲ ਦਫ਼ਤਰ ਘੇਰਿਆ
ਲੌਂਗੋਵਾਲ ਨੇੜਿਓਂ ਲੰਘਦੇ ਬਹਾਦਰ ਸਿੰਘ ਵਾਲਾ ਡਰੇਨ ਦੇ ਓਵਰਫਲੋਅ ਹੋਣ ਦਾ ਖਮਿਆਜ਼ਾ ਭੁਗਤ ਰਹੇ ਕਿਸਾਨ ਚਾਰ ਦਿਨਾਂ ਤੋਂ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਗੇੜੇ ਮਾਰ ਰਹੇ ਸਨ ਕਿ ਡਰੇਨ ਵਿਚ ਡਿੱਗੇ ਦਰੱਖਤਾਂ ਅਤੇ ਫਸੀ ਜਲ ਬੂਟੀ ਆਦਿ ਕਢਵਾ ਕੇ ਡਰੇਨ ਦੀ ਪੁਖਤਾ ਸਫ਼ਾਈ ਕਰਵਾਈ ਜਾਵੇ ਤਾਂ ਜੋ ਮੁੜ ਡਰੇਨ ਓਵਰਫਲੋਅ ਨਾ ਹੋਵੇ ਪਰ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਫਰਿਆਦ ਨਾ ਸੁਣੀ। ਸਰਕਾਰੀ ਲਾਪ੍ਰਵਾਹੀ ਤੋਂ ਅੱਕੇ ਕਿਸਾਨ ਆਖ਼ਰਕਾਰ ਅੱਜ ਲੌਂਗੋਵਾਲ ਵਿੱਚ ਸਬ ਤਹਿਸੀਲ ਦਫ਼ਤਰ ਦਾ ਘਿਰਾਓ ਕਰ ਲਿਆ ਅਤੇ ਦਫ਼ਤਰ ਦੇ ਗੇਟ ਮੂਹਰੇ ਧਰਨਾ ਲਗਾ ਕੇ ਬੈਠ ਗਏ। ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਕਿਸਾਨਾਂ ਵਲੋਂ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ, ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਭੋਲਾ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਬਹਾਦਰ ਸਿੰਘ ਵਾਲਾ ਡਰੇਨ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਚਾਰ ਦਿਨ ਪਹਿਲਾਂ ਡਰੇਨ ਦਾ ਪਾਣੀ ਓਵਰਫਲੋਅ ਹੋ ਗਿਆ ਸੀ ਅਤੇ ਕਰੀਬ ਡੇਢ ਸੌ ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਚਾਰ ਦਿਨਾਂ ਤੋਂ ਡਰੇਨੇਜ ਵਿਭਾਗ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਗੇੜੇ ਮਾਰ ਰਹੇ ਸਨ ਕਿ ਡਰੇਨ ਦੀ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਡਰੇਨ ਵਿਚ ਦਰੱਖਤ ਡਿੱਗੇ ਪਏ ਹਨ ਅਤੇ ਇੱਕ ਪੱਕੇ ਖਾਲ ਦਾ ਮਲਬਾ ਵੀ ਡਿੱਗਿਆ ਹੋਇਆ ਹੈ ਅਤੇ ਹੋਰ ਵੀ ਘਾਹ ਫੂਸ ਕਈ ਜਗਾਹ ਮੌਜੂਦ ਹੈ। ਇਹੋ ਕਾਰਨ ਹੈ ਕਿ ਡਰੇਨ ਓਵਰਫਲੋਅ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਡਰੇਨ ’ਚੋਂ ਡਿੱਗੇ ਦਰੱਖਤ ਆਦਿ ਨਾ ਚੁਕਵਾਏ ਗਏ ਅਤੇ ਲੱਗੀਆਂ ਡਾਫ਼ਾਂ ਨੂੰ ਹਟਾਇਆ ਗਿਆ ਤਾਂ ਡਰੇਨ ਮੁੜ ਓਵਰਫਲੋਅ ਹੋ ਸਕਦਾ ਹੈ ਜਾਂ ਪਾੜ ਵੀ ਪੈ ਸਕਦਾ ਹੈ। ਜੇਸੀਬੀ ਲਗਾ ਕੇ ਡਰੇਨ ਦੀ ਸਫ਼ਾਈ ਸ਼ੁਰੂ ਕਰਵਾਉਣ ਤੋਂ ਬਾਅਦ ਹੀ ਕਿਸਾਨਾਂ ਵਲੋਂ ਦਫ਼ਤਰ ਦਾ ਘਿਰਾਓ ਖਤਮ ਕੀਤਾ ਗਿਆ।
ਇਸ ਸਬੰਧ ਵਿਚ ਨਾਇਬ ਤਹਿਸੀਲਦਾਰ ਲੌਂਗੋਵਾਲ ਹਮੀਸ਼ ਕੁਮਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਅੱਜ ਹੀ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਉਨ੍ਹਾਂ ਵਿਭਾਗ ਨਾਲ ਰਾਬਤਾ ਕਰਕੇ ਅੱਜ ਹੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।