ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਸਟਰ ’ਤੇ ਹਮਲਾ: ਕਿਸਾਨ ਜਥੇਬੰਦੀ ਤੇ ਇਨਸਾਫ਼ ਕਮੇਟੀ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ

ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਕੇ ਕੇਸ ’ਚ ਨਾਮਜ਼ਦ ਕਰਨ ਦੀ ਮੰਗ
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 10 ਜੁਲਾਈ

Advertisement

ਕਿਰਤੀ ਕਿਸਾਨ ਯੂਨੀਅਨ ਅਤੇ ਨਿਰਭੈ ਸਿੰਘ ਇਨਸਾਫ਼ ਕਮੇਟੀ ਦੀ ਅਗਵਾਈ ਹੇਠ ਵਫ਼ਦ ਅੱਜ ਐੱਸਐੱਸਪੀ ਸੰਗਰੂਰ ਨੂੰ ਮਿਲਿਆ ਅਤੇ ਕਿਸਾਨ ਆਗੂ ਮਾਸਟਰ ਨਿਰਭੈ ਸਿੰਘ ’ਤੇ ਜਾਨ ਲੇਵਾ ਹਮਲਾ ਕਰਨ ਦੇ ਕੇਸ ਵਿਚ ਲੋੜੀਂਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਕੇ ਕੇਸ ਵਿਚ ਨਾਮਜ਼ਦ ਕਰਨ ਦੀ ਮੰਗ ਕੀਤੀ ਗਈ।

ਸਥਾਨਕ ਪੁਲੀਸ ਲਾਈਨ ਵਿੱਚ ਐੱਸਐੱਸਪੀ ਨੂੰ ਮਿਲਣ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੂੰਨਰਾਂ ਨੇ ਦੱਸਿਆ ਕਿ ਬੀਤੀ 25 ਅਪਰੈਲ ਨੂੰ ਮਾਸਟਰ ਨਿਰਭੈ ਸਿੰਘ ਖਾਈ ਆਪਣੀ ਡਿਊਟੀ ’ਤੇ ਸਕੂਲ ਜਾ ਰਹੇ ਸਨ ਤਾਂ ਭੌਂ ਮਾਫ਼ੀਆ ਨਾਲ ਸਬੰਧਤ ਵਿਅਕਤੀਆਂ ਵਲੋਂ ਘੇਰ ਕੇ ਨਿਰਭੈ ਸਿੰਘ ਉਪਰ ਕਾਤਲਾਨਾ ਹਮਲਾ ਕੀਤਾ ਗਿਆ ਅਤੇ ਲੱਤਾਂ-ਬਾਹਾਂ ਤੋੜ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ। ਇਸ ਕਰਕੇ ਹੀ ਅਜੇ ਤੱਕ ਸਾਰੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਮੁੱਖ ਮੁਲਜ਼ਮ ਵੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਅਣਪਛਾਤੇ ਵਿਅਕਤੀਆਂ ਨੂੰ ਵੀ ਹਾਲੇ ਤੱਕ ਕੇਸ ਵਿਚ ਨਾਮਜ਼ਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘਟਨਾ ਨੂੰ ਢਾਈ ਮਹੀਨੇ ਬੀਤਣ ਦੇ ਬਾਵਜੂਦ ਹਮਲਾਵਰ ਸ਼ਰੇਆਮ ਘੁੰਮ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਦੇ ਘਰਾਂ ਉਪਰ ਪੁਲੀਸ ਦੀ ਛਾਪੇਮਾਰੀ ਹੋ ਰਹੀ ਹੈ ਅਤੇ ਧਰਨੇ ਮੁਜ਼ਾਹਰਿਆਂ ਉਪਰ ਵੀ ਅਣਐਲਾਨੀ ਪਾਬੰਦੀ ਲਾਈ ਜਾ ਰਹੀ ਹੈ। ਪੰਜਾਬ ਭਰ ਵਿਚ ਲਗਾਤਾਰ ਪੁਲੀਸ ਜਬਰ ਦੀਆਂ ਨਿੱਤ ਦਿਨ ਘਟਨਾਵਾਂ ਸ਼ਾਹਮਣੇ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਜਬਰ ਖ਼ਿਲਾਫ਼ 25 ਜੁਲਾਈ ਨੂੰ ਜਨਤਕ ਜਥੇਬੰਦੀਆਂ ਵਲੋਂ ਸੰਗਰੂਰ ਵਿਚ ਜਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਨਿਰਭੈ ਸਿੰਘ ਦੇ ਮਾਮਲੇ ਨੂੰ ਉਠਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਐੱਸਐੱਸਪੀ ਸੰਗਰੂਰ ਵਲੋਂ ਕੇਸ ਵਿਚ ਲੋੜੀਂਦੇ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਵਫਦ ਵਿਚ ਨਿਰਭੈ ਸਿੰਘ ਇਨਸਾਫ਼ ਕਮੇਟੀ ਦੇ ਆਗੂ ਗੁਰਮੇਲ ਸਿੰਘ ਖਾਈ, ਭਾਕਿਯੂ ਰਾਜੇਵਾਲ ਦੇ ਆਗੂ ਨਾਜਰ ਸਿੰਘ ਰਾਮਗੜ੍ਹ, ਡੀਟੀਐਫ ਵੱਲੋਂ ਮਾਸਟਰ ਮੇਘਰਾਜ ਅਤੇ ਮਨਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ, ਜੁਝਾਰ ਸਿੰਘ ਬਡਰੁੱਖਾਂ, ਗੁਰਮੇਲ ਸਿੰਘ ਉੱਭਾਵਾਲ, ਪਾਲ ਸਿੰਘ ਅਤੇ ਦਰਸ਼ਨ ਸਿੰਘ ਖਾਈ, ਮੇਜਰ ਸਿੰਘ ਬਹਾਦਰਪੁਰ ਅਤੇ ਪ੍ਰੇਮ ਸਿੰਘ ਸ਼ਾਮਲ ਸਨ।

Advertisement