ਘਰ ਦੇ ਬਾਹਰ ਖੜ੍ਹੇ ਬਜ਼ੁਰਗ ’ਤੇ ਹਮਲਾ
ਕੈਪਟਨ ਕਰਮ ਸਿੰਘ ਨਗਰ ਵਿੱਚ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਖੜ੍ਹੇ ਬਜ਼ੁਰਗ ਉਪਰ ਦੋ ਨੌਜਵਾਨਾਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸਿਟੀ-1 ਪੁਲੀਸ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕਾਂ ਅਨੁਸਾਰ ਸੁਭਾਸ਼ ਚੰਦ ਨਾਮਕ ਬਜ਼ੁਰਗ ਕਲੋਨੀ ਵਚ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਉਥੋਂ ਲੰਘ ਰਹੇ ਦੋ ਨੌਜਵਾਨਾਂ ਨੇ ਉਸ ਉਪਰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਬਜ਼ੁਰਗ ਨੇ ਦੱਸਿਆ ਕਿ ਉਸ ਦਾ ਹਮਲਾਵਰਾਂ ਨਾਲ ਕੋਈ ਸਬੰਧ ਜਾਂ ਕੋਈ ਰੰਜ਼ਿਸ ਆਦਿ ਨਹੀਂ ਹੈ। ਹਮਲਾਵਰ ਨਸ਼ੇ ਵਿੱਚ ਸਨ ਜਿਨ੍ਹਾਂ ਦੀ ਪਛਾਣ ਹੋ ਗਈ ਹੈ ਜੋ ਕਿ ਕਲੋਨੀ ਦੀ ਵਾਟਰ ਵਰਕਸ ਸਕੀਮ ’ਤੇ ਰਹਿੰਦੇ ਹਨ ਅਤੇ ਈ-ਰਿਕਸ਼ਾ ਚਲਾਉਂਦੇ ਹਨ। ਕਲੋਨੀ ਵਾਸੀਆਂ ਨੇ ਤਰਸ ਦੇ ਆਧਾਰ ’ਤੇ ਇਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਸੀ। ਥਾਣਾ ਸਿਟੀ-1 ਦੇ ਇੰਚਾਰਜ ਇੰਸਪੈਕਟਰ ਕਸ਼ਮੀਰ ਸਿੰਘ ਅਨੁਸਾਰ ਹਮਲਾਵਰਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕੈਪਟਨ ਕਰਮ ਸਿੰਘ ਨਗਰ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਕੁਲਦੀਪ ਦੇਹਰਾਨ ਅਤੇ ਜਨਰਲ ਸਕੱਤਰ ਤਿਲਕ ਰਾਜ ਸਤੀਜਾ ਨੇ ਬਜ਼ੁਰਗ ਉਪਰ ਹਮਲੇ ਦੀ ਨਿਖੇਧੀ ਕੀਤੀ ਹੈ।