ਸਹਾਇਕ ਕਮਿਸ਼ਨਰ ਵੱਲੋਂ ਹਸਪਤਾਲ ਦੀ ਚੈਕਿੰਗ
ਮੁੱਖ ਮੰਤਰੀ ਫੀਲਡ ਅਫ਼ਸਰ ਤੇ ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਦਾ ਤੜਕਸਾਰ ਆਮ ਵਿਅਕਤੀ ਵਾਂਗ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਚੈਕਿੰਗ ਦਾ ਮੁੱਖ ਮੰਤਵ ਬਰਸਾਤੀ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਲੋਕਾਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਪੂਰੀ ਪੜਤਾਲ ਕਰਨਾ ਸੀ। ਨਿਰੀਖਣ ਦੌਰਾਨ ਸਹਾਇਕ ਕਮਿਸ਼ਨਰ ਨੇ ਐਮਰਜੈਂਸੀ ਵਾਰਡ, ਓ.ਪੀ.ਡੀ., ਦਵਾਈਆਂ ਦੇ ਸਟਾਕ, ਲੈਬ ਟੈਸਟਿੰਗ ਰੂਮ, ਡਿਊਟੀ ਰੋਸਟਰ ਅਤੇ ਸਫ਼ਾਈ ਪ੍ਰਣਾਲੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਡਾਕਟਰਾਂ ਅਤੇ ਸਟਾਫ਼ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਵਿੱਚ ਮਲੇਰੀਆ, ਡੇਂਗੂ, ਟਾਈਫਾਇਡ ਅਤੇ ਹੋਰ ਪਾਣੀ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਤੁਰੰਤ ਅਤੇ ਉਚਿਤ ਇਲਾਜ ਪ੍ਰਦਾਨ ਕੀਤਾ ਜਾਵੇ। ਚੈਕਿੰਗ ਦੌਰਾਨ ਮੌਜੂਦ ਡਿਊਟੀ ਮੈਡੀਕਲ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੇ ਸਹਾਇਕ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਅਵਾਮ ਨੂੰ ਵਕਤ-ਸਿਰ ਸਾਰੀਆਂ ਸਹੂਲਤਾਂ ਮਿਲਣਗੀਆਂ ਅਤੇ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।