ਸੰਗਰੂਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਮੱਠੀ
ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਨੇ ਹਾਲੇ ਪੂਰੀ ਤਰ੍ਹਾਂ ਜ਼ੋਰ ਨਹੀਂ ਫੜਿਆ ਤੇ ਹੁਣ ਤੱਕ 11,863 ਮੀਟਰਕ ਟਨ ਝੋਨਾ ਮੰਡੀਆਂ ਵਿੱਚ ਪਹੁੰਚਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 33,648 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ’ਚ 21,785 ਮੀਟਰਕ ਟਨ ਬਾਸਮਤੀ ਸ਼ਾਮਲ ਹੈ। ਭਾਵ ਗਰੇਡ-1 ਝੋਨੇ ਦੀ ਹੁਣ ਤੱਕ 11,863 ਮੀਟਰਕ ਟਨ ਹੀ ਆਮਦ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਖਰੀਦ 16 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੀ ਪਰ ਸਥਾਨਕ ਅਨਾਜ ਮੰਡੀ ਵਿਚ ਗਰੇਡ-1 ਝੋਨੇ ਦੀ ਆਮਦ 23 ਸਤੰਬਰ ਨੂੰ ਹੋਈ ਸੀ ਜਿਸ ਦੀ ਖਰੀਦ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਸ਼ੁਰੂ ਕਰਵਾਈ ਗਈ ਸੀ। ਜ਼ਿਲ੍ਹਾ ਮੰਡੀ ਦਫ਼ਤਰ ਅਨੁਸਾਰ ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕੁੱਲ 33,648 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ ਗਰੇਡ-1 ਝੋਨੇ ਦੀ ਫਸਲ ਦੀ ਆਮਦ 11863 ਮੀਟਰਕ ਟਨ ਹੀ ਹੋਈ ਹੈ ਜਦੋਂ ਕਿ ਬਾਸਮਤੀ ਝੋਨੇ ਦੀ ਆਮਦ 21785 ਮੀਟਰਕ ਟਨ ਹੋ ਚੁੱਕੀ ਹੈ ਜਿਸ ਦੀ ਵਪਾਰੀਆਂ ਵਲੋਂ ਸੌ ਫੀਸਦੀ ਖਰੀਦ ਹੋ ਚੁੱਕੀ ਹੈ ਅਤੇ ਨਾਲੋਂ ਨਾਲ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਪੁੱਜੀ 11863 ਮੀਟਰਕ ਟਨ ਝੋਨੇ ਦੀ ਫਸਲ ਵਿਚੋਂ 11193 ਮੀਟਰਕ ਟਨ ਝੋਨੇ ਦੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਵਲੋਂ ਕੀਤੀ ਗਈ ਹੈ ਜਦੋਂ ਕਿ 670 ਮੀਟਰਕ ਟਨ ਦੀ ਖਰੀਦ ਹੋਣੀ ਬਾਕੀ ਹੈ। ਜੇਕਰ ਲਿਫਟਿੰਗ ਦੇ ਅੰਕੜਿਆਂ ਉਪਰ ਝਾਤ ਮਾਰੀਏ ਤਾਂ ਵਪਾਰੀਆਂ ਵਲੋਂ ਖਰੀਦ ਕੀਤੀ ਬਾਸਮਤੀ ਝੋਨੇ ਦੀ ਫਸਲ ਦੀ ਲਿਫਟਿੰਗ ਸੌ ਫੀਸਦੀ ਹੋ ਚੁੱਕੀ ਹੈ ਜਦੋਂ ਕਿ ਵੱਖ-ਵੱਖ ਸਰਕਾਰੀ ਖਰੀਦ ਏਂਜੰਸੀਆ ਵਲੋਂ ਖਰੀਦ ਕੀਤੀ ਗਈ ਕੁੱਲ 11193 ਮੀਟਰਕ ਟਨ ਝੋਨੇ ਦੀ ਫਸਲ ਵਿਚੋਂ 3375 ਮੀਟਰਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਜਦੋਂ ਕਿ 7818 ਦੀ ਲਿਫਟਿੰਗ ਹੋਣੀ ਬਾਕੀ ਹੈ।