ਮੰਡੀਆਂ ’ਚ ਝੋਨੇ ਦੀ ਆਮਦ ਜਾਰੀ
ਸੰਗਰੂਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਆਮਦ ਜਾਰੀ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 13,98,433 ਮੀਟਰਕ ਟਨ ਝੋਨਾ ਆਇਆ ਹੈ ਜਿਸ ਵਿੱਚੋਂ 13,96,818 ਮੀਟਰਕ ਟਨ ਫ਼ਸਲ ਦੀ ਖਰੀਦ ਹੋ ਚੁੱਕੀ ਹੈ। ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਅੱਜ ਵੀ 20522 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ।
ਜ਼ਿਲ੍ਹਾ ਮੰਡੀ ਅਫਸਰ ਦਫ਼ਤਰ ਮੁਤਾਬਕ ਸੰਗਰੂਰ ਦੀਆਂ ਅਨਾਜ ਮੰਡੀਆਂ ਵਿਚ ਹੁਣ ਤੱਕ 13,98,433 ਮੀਟਰਕ ਝੋਨੇ ਦੀ ਫਸਲ ਦੀ ਆਮਦ ਹੋ ਚੁੱਕੀ ਹੈ। ਕੁੱਲ ਆਮਦ ਵਿਚੋਂ ਹੁਣ ਤੱਕ 13,96,818 ਮੀਟਰਕ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ ਅਤੇ ਸਿਰਫ਼ 1615 ਮੀਟਰਕ ਟਨ ਦੀ ਖਰੀਦ ਹੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦੀ ਫ਼ਸਲ ਵਿੱਚੋਂ 12,61,522 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ, ਜਦੋਂ ਕਿ 1,35,296 ਮੀਟਰਕ ਟਨ ਦੀ ਲਿਫਟਿੰਗ ਬਾਕੀ ਹੈ ਅਤੇ ਲਿਫਟਿੰਗ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ 13,98,433 ਮੀਟਰਕ ਟਨ ਫ਼ਸਲ ਦੀ ਆਮਦ ਹੋਈ ਹੈ ਜਦੋਂ ਕਿ ਪਿਛਲੇ ਸਾਲ ਦੇ ਸੀਜ਼ਨ ਦੌਰਾਨ ਇਸ ਸਮੇਂ ਤੱਕ 10,77,501 ਮੀਟਰਕ ਟਨ ਫਸਲ ਦੀ ਆਮਦ ਹੋਈ ਸੀ, ਜਿਸ ਕਾਰਨ ਐਤਕੀ ਹੁਣ ਤੱਕ 3,20,932 ਮੀਟਰਕ ਟਨ ਫਸਲ ਦੀ ਵੱਧ ਆਮਦ ਹੋਈ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਨਿਰਵਿਘਨ ਜਾਰੀ ਹੈ।
