ਜਾਤ ਦੇ ਆਧਾਰ ’ਤੇ ਬੋਰਡਾਂ ਦੇ ਅਹੁਦੇਦਾਰ ਨਿਯੁਕਤ ਕਰਨਾ ਸਮਾਜ ਲਈ ਘਾਤਕ: ਬਾਂਸਲ
ਉੱਘੇ ਸਮਾਜਿਕ ਚਿੰਤਕ ਪਾਲੀ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਾਤਾਂ |ਤੇ ਆਧਾਰਿਤ ਬੋਰਡਾਂ ਦੇ ਚੇਅਰਮੈਨ ਲਗਾਉਣਾ ਕਿਸੇ ਪੱਖੋਂ ਵੀ ਸਹੀ ਨਹੀਂ ਹੈ। ਇਸ ਨਾਲ ਪਹਿਲਾਂ ਤੋਂ ਹੀ ਵੰਡੇ ਸਮਾਜ ’ਚ ਹੋਰ ਵੰਡੀਆਂ ਪੈਣਗੀਆਂ ਅਤੇ ਇਹ ਵਰਤਾਰਾ ਸਮਾਜ ਲਈ ਘਾਤਕ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਸਰਕਾਰ ਨੂੰ ਜਾਤ-ਪਾਤ ਰਹਿਤ ਸਮਾਜ ਸਿਰਜਣ ਲਈ ਕਦਮ ਚੁੱਕਣੇ ਚਾਹੀਦੇ ਹਨ ਨਾ ਕਿ ਵੱਖ-ਵੱਖ ਜਾਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਕੁਝ ਸਮੇਂ ਲਈ ਸਿਆਸੀ ਪਾਰਟੀਆਂ ਨੂੰ ਰਾਜਨੀਤਕ ਲਾਭ ਤਾਂ ਦੇ ਸਕਦਾ ਹੈ ਪਰ ਇਸ ਕਾਰਨ ਸਮਾਜ ਵਿਚ ਪੈਣ ਵਾਲੀਆਂ ਵੰਡੀਆਂ ਸੂਬੇ ਵਿਚ ਭਵਿੱਖ ਲਈ ਬਹੁਤ ਹੀ ਖਤਰਨਾਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਮਾਜ ਵਿਚ ਜਾਤ-ਪਾਤ ਅਤੇ ਧਰਮ ’ਤੇ ਆਧਾਰਿਤ ਪਹਿਲਾਂ ਹੀ ਬਹੁਤ ਸੰਸਥਾਵਾਂ ਹਨ। ਸ੍ਰੀ ਬਾਂਸਲ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਜਾਤ-ਪਾਤ ’ਤੇ ਆਧਾਰਿਤ ਇਨ੍ਹਾਂ ਬੋਰਡਾਂ ਦੇ ਗਠਨ ’ਤੇ ਪੁਨਰਵਿਚਾਰ ਕਰਕੇ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ ਤਾਂ ਜੋ ਸਮਾਜ ਇੱਕਜੁੱਟ ਰਹਿ ਸਕੇ।