ਕੈਂਬਰਿਜ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਗਮ
ਸਥਾਨਕ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਚੇਅਰਮੈਨ ਇੰਜਨੀਅਰ ਸ਼ਿਵ ਆਰੀਆ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਡਾ. ਜਗਜੀਤ ਸਿੰਘ ਧੂਰੀ, ਕੈਪਟਨ ਰੋਹਿਤ ਦਵੇਦੀ, ਡੀ ਐੱਸ ਪੀ ਚਰਨਜੋਤ ਸਿੰਘ ਤੋਂ ਇਲਾਵਾ ਅਨੇਕਾਂ ਸ਼ਖ਼ਸੀਅਤਾਂ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ।
ਸਮਾਗਮ ਦੀ ਸ਼ੁਰੂਆਤ ਚੇਅਰਮੈਨ ਇੰਜਨੀਅਰ ਸ਼ਿਵ ਆਰੀਆ, ਪ੍ਰਿੰਸੀਪਲ ਮਨਦੀਪ ਕੌਰ ਛੰਨਾ, ਪ੍ਰਧਾਨ ਡਾ. ਸੀਮਾ ਅਰੋੜਾ, ਸੀ ਈ ਓ ਭਾਵਨਾ ਪੋਲ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਬੱਚਾ ਆਪਣੀ ਮੁੱਢਲੀ ਸਿੱਖਿਆ ਸਕੂਲ ਵਿੱਚੋਂ ਹਾਸਲ ਕਰਦਾ ਹੈ ਜੋ ਕਿ ਸਾਰੀ ਉਮਰ ਉਸਦਾ ਰਾਹ ਰੁਸ਼ਨਾਉਂਦੀ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਬਾਰੇ ਜਾਣੂ ਕਰਾਉਣਾ ਸ਼ਲਾਘਾਯੋਗ ਉਪਰਾਲਾ ਹੈ। ਸਕੂਲ ਚੇਅਰਮੈਨ ਸ਼ਿਵ ਆਰੀਆ ਵੱਲੋਂ ਮੁੱਖ ਮਹਿਮਾਨ ਸਣੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਦਾ ਸਾਲਾਨਾ ਸਮਾਗਮ ਬੱਚਿਆਂ ਅੰਦਰ ਛੁਪੀ ਕਲਾ ਨੂੰ ਉਜਾਗਰ ਕਰਨ ਦਾ ਇੱਕ ਮੰਚ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੇਹਤਰ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਚੰਗੀ ਹਾਜ਼ਰੀ, ਬਿਹਤਰੀਨ ਵਿਹਾਰ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਦੀਪਕ ਗਰਗ, ਸਰਬਜੀਤ ਸਿੰਘ ਰੇਖੀ, ਅਮਿਤ ਪ੍ਰਭਾਕਰ, ਮਨਮੋਹਨ ਸਿੰਘ ਆਦਿ ਸਖ਼ਸੀਅਤਾਂ ਸ਼ਾਮਲ ਸਨ। ਸਕੂਲ ਪ੍ਰਿੰਸੀਪਲ ਮਨਦੀਪ ਕੌਰ ਛੰਨਾਂ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
