ਤਰਨ ਤਾਰਨ ਵਿੱਚ ਪੋਲ ਖੋਲ੍ਹ ਰੈਲੀ ਕਰਨ ਦਾ ਐਲਾਨ
ਪੇਅ ਸਕੇਲ ਬਹਾਲੀ ਸਾਂਝੇ ਫਰੰਟ ਨੇ ਵਿੱਤ ਮੰਤਰੀ ਦੇ ਨਾਂ ਰੋਸ ਪੱਤਰ ਸੌਂਪਿਆ
Advertisement
ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੇ ਵਫ਼ਦ ਵੱਲੋਂ ਇੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ’ਤੇ ਪੁੱਜ ਕੇ ਵਿੱਤ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਅਤੇ ਪੰਜਾਬ ਪੇਅ ਸਕੇਲ ਲਾਗੂ ਕਰਨ ਦੀ ਮੰਗ ਕੀਤੀ। ਆਗੂਆਂ ਨੇ 2 ਨਵੰਬਰ ਨੂੰ ਤਰਨਤਾਰਨ ਵਿੱਚ ਜ਼ਿਮਨੀ ਚੋਣ ਵਿਚ ਪੰਜਾਬ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਰੈਲੀ ਕਰਨ ਅਤੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਇਸ ਮੌਕੇ ਫਰੰਟ ਦੇ ਸੂਬਾ ਕਨਵੀਨਰ ਸੰਦੀਪ ਸਿੰਘ, ਨਵਜੀਵਨ ਸਿੰਘ, ਗੁਰਜੀਤ ਕੌਰ, ਰਣਜੀਤ ਕੋਟੜਾ, ਜਸਵੰਤ ਸਿੰਘ, ਰਾਮਪਰਕਾਸ ਗੁੰਮਟੀ, ਲਖਵੀਰ ਸਿੰਘ, ਮਨਪ੍ਰੀਤ ਮੈਦੇਵਾਸ, ਜਸਵੀਰ ਬਾਲਦ ਕਲਾਂ, ਸੁਖਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵੱਲੋਂ ਕੇਂਦਰੀ ਪੇਅ ਸਕੇਲ ਰੱਦ ਕਰਵਾਉਣ ਅਤੇ ਪੰਜਾਬ ਪੇਅ ਸਕੇਲ ਲਾਗੂ ਕਰਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਕੇਸ ਜਿੱਤਣ ਦੇ ਬਾਵਜੂਦ ਸਰਕਾਰ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਫਰੰਟ ਵੱਲੋਂ ਸਮੇਂ ਸਮੇਂ ਵਿੱਢੇ ਸੰਘਰਸ਼ ਤਹਿਤ ਸਰਕਾਰ ਵੱਲੋਂ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਗਿਆ ਪਰ ਦੋ ਸਾਲ ਤੋਂ ਕੋਈ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੋਸ ਵਜੋਂ ਅੱਜ ਸੰਗਰੂਰ ’ਚ ਵਿੱਤ ਮੰਤਰੀ ਦਾ ਪੁਤਲਾ ਫ਼ੂਕਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਅਚਾਨਕ ਸਾਥੀ ਜੈਫ਼ੀ ਗੋਇਲ ਦੀ ਮੌਤ ਹੋ ਜਾਣ ਕਾਰਨ ਪੁਤਲਾ ਫ਼ੂਕਣ ਦਾ ਪ੍ਰੋਗਰਾਮ ਰੱਦ ਕਰਕੇ ਰੋਸ ਪੱਤਰ ਦੇਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਉਨ੍ਹਾਂ ਦੀ ਗੈਰਮੌਜੂਦਗੀ ਵਿਚ ਡਿਊਟੀ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਨੇ ਰੋਸ ਪੱਤਰ ਲਿਆ।
Advertisement
Advertisement