ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਿਸਾਨਾਂ ’ਚ ਰੋਹ ਵਧਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਸੁਨਾਮ ਤੇ ਸੰਗਰੂਰ ਦੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਕਿਲਾ ਭਰੀਆਂ ਵਿੱਚ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਖ-ਵੱਖ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਤੇ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਕਿਸਾਨ ਵਿਰੋਧੀ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਪੰਜਾਬ ਭਰ ਵਿਚ 11 ਅਗਸਤ ਨੂੰ ਬਲਾਕ ਪੱਧਰ ’ਤੇ ਮੋਟਰਸਾਈਕਲਾਂ ’ਤੇ ਝੰਡਾ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਅਆ ਗਿਆ ਹੈ ਜਿਸ ਦੀਆਂ ਤਿਆਰੀਆਂ ਲਈ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੀ ਪੈੜ ਵਿਚ ਪੈੜ ਧਰਦਿਆਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦੇਣ ਲਈ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਹੈ। ਪਹਿਲਾਂ ਵੀ ਪੰਜਾਬ ਵਿੱਚ ਲੈਡ ਪੂਲਿੰਗ ਨੀਤੀ ਦੇ ਨਾਂ ’ਤੇ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕੀਤੀ ਗਈ ਸੀ ਜੋ ਕਿ ਹਾਲੇ ਤੱਕ ਬੰਜਰ ਪਈ ਹੈ। ਇਸ ਲਈ ਪੰਜਾਬ ਦੇ ਲੋਕ ਕਿਸੇ ਕੀਮਤ ’ਤੇ ਆਪਣੀਆਂ ਸੋਨੇ ਵਰਗੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਸਰਕਾਰ ਨੂੰ ਨਹੀਂ ਦੇਣਗੇ। ਪੂਰੇ ਪੰਜਾਬ ਦੇ ਲੋਕ ਸਰਕਾਰ ਦੇ ਖਿਲਾਫ ਇਸ ਨੀਤੀ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਪਏ ਹਨ। ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ 11 ਅਗਸਤ ਨੂੰ ਪੂਰੇ ਪੰਜਾਬ ਵਿੱਚ ਮੋਟਰਸਾਈਕਲ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ 20 ਅਗਸਤ ਨੂੰ ਜਲੰਧਰ ਦੇ ਵਿੱਚ ਵਿਸ਼ਾਲ ਰੈਲੀ ਰੱਖੀ ਗਈ ਹੈ ਜਿਸ ਦੀ ਤਿਆਰੀ ਵਜੋਂ ਸਾਰੀਆਂ ਬਲਾਕਾਂ ਤੇ ਪਿੰਡਾਂ ਦੀਆਂ ਇਕਾਈਆਂ ਨੂੰ ਕੰਮ ਵਿਚ ਜੁਟ ਕੇ ਪਿੰਡ ਪਿੰਡ ਪ੍ਰਚਾਰ ਕਰਨ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਜਸਵੀਰ ਮੈਦੇਵਾਸ ਨੇ ਦੱਸਿਆ ਕਿ 11 ਅਗਸਤ ਨੂੰ ਵੱਡੀ ਗਿਣਤੀ ਮੋਟਰਸਾਈਕਲ ਮਾਰਚ ਵਿੱਚ ਸਾਰੇ ਬਲਾਕਾਂ ਦੇ ਪਿੰਡ ਵੱਡੀ ਗਿਣਤੀ ਸੁਨਾਮ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣਗੇ ਜਿਥੋਂ ਝੰਡਾ ਮਾਰਚ ਸ਼ੁਰੂ ਹੋ ਕੇ ਵਾਇਆ ਸੰਗਰੂਰ, ਸੋਹੀਆਂ, ਮੰਗਵਾਲ, ਬਡਰੁੱਖਾਂ, ਲੌਂਗੋਵਾਲ ਹੁੰਦਿਆਂ ਚੀਮਾਂ ਮੰਡੀ ਸਮਾਪਤ ਹੋਵੇਗਾ।