ਨੌਜਵਾਨ ਪੀੜ੍ਹੀ ਨੂੰ ਅੰਬੇਡਕਰ ਦੇ ਦਿਖਾਏ ਮਾਰਗ ’ਤੇ ਚੱਲਣ ਦਾ ਸੱਦਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਇਹ ਪਲੇਠਾ ਸਮਾਗਮ ਸੀ। ਇਸ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਨੂੰ ਨਮਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਅੱਜ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਇੱਕ ਆਮ ਤੇ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਪਾਰਟੀ ਨੇ ਉਸ ਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਕੇ ਜਿਹੜਾ ਭਰੋਸਾ ਜਤਾਇਆ ਗਿਆ ਹੈ, ਉਸ ’ਤੇ ਖਰਾ ਉਤਰਨ ਦੀ ਸੰਭਵ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮਿਹਨਤ ਅਤੇ ਇਮਾਨਦਾਰੀ ਨਾਲ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕਰਨ ਕੰਮ ਕਰਨਗੇ। ਉਨ੍ਹਾਂ ਰਾਹੁਲ ਗਾਂਧੀ, ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰਤ ਗਰਗ, ਸੁਭਾਸ਼ ਗਰੋਵਰ, ਰਾਜਿੰਦਰ ਦੀਪਾ, ਸਨਮੀਕ ਸਿੰਘ ਹੈਨਰੀ, ਰੌਕੀ ਬਾਂਸਲ , ਮਹੇਸ਼ ਕੁਮਾਰ ਮੇਸ਼ੀ, ਬਿੰਦਰ ਬਾਂਸਲ, ਦਰਸ਼ਨ ਸਿੰਘ ਕਾਂਗੜਾ, ਚਮਕੌਰ ਸਿੰਘ ਜੱਸੀ, ਸ਼ਕਤੀਜੀਤ ਸਿੰਘ,ਰਾਜੇਸ਼ ਕੁਮਾਰ ਕਾਲੀ, ਚਰਣਜੀਤ ਕੌਰ, ਕਰਮਜੀਤ ਕੌਰ ਸੁਨਾਮ, ਹਰਵਿੰਦਰ ਕੌਰ, ਸ਼ਮੀ ਮਾਂਗਟ, ਨਵੀਨ ਬੱਗਾ, ਅੰਮ੍ਰਿਤ ਲਾਲ, ਦਵਿੰਦਰ ਧਾਲੀਵਾਲ,ਗੁਰਦੀਪ ਸਿੰਘ ਬਲਾਕ ਪ੍ਰਧਾਨ, ਜਗਤਾਰ ਨਮਾਧਾ,ਭੁਪਿੰਦਰ ਸਿੰਘ ਗਾਗਾ ਤੇ ਹੋਰ ਸ਼ਾਮਲ ਸਨ।
ਇਸੇ ਦੌਰਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਵੱਲੋਂ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਅਤੇ ਫੁੱਲਾਂ ਦੀ ਵਰਖਾ ਕਰਕੇ ਬਾਬਾ ਸਾਹਿਬ ਨੂੰ ਨਮਨ ਕੀਤਾ। ਦਰਸ਼ਨ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਦੇ ਦੱਬੇ ਕੁੱਚਲੇ ਤੇ ਲਿਤਾੜੇ ਹੋਏ ਲੋਕਾਂ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਕਲਮ ਨਾਲ ਸਾਡੇ ਦੇਸ਼ ਦਾ ਉਹ ਮਹਾਂ ਗ੍ਰੰਥ ਲਿਖਿਆ ਜਿਸ ਨੇ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਦਿੱਤੀ।
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਕੋਰਟ ਕੰਪਲੈਕਸ ਪਟਿਆਲਾ ਵਿੱਚ ਸੰਵਿਧਾਨ ਦਿਵਸ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਵਤਾਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਵਿਧਾਨ ਦੀ ਪ੍ਰਸਤਾਵਨਾ ਦੇ ਪੜ੍ਹਨ ਨਾਲ ਹੋਈ ਜਿਸ ਤੋਂ ਬਾਅਦ ਸੈਸ਼ਨਜ਼ ਜੱਜ ਨੇ ਵਿਚਾਰ ਸਾਂਝੇ ਕਰਦਿਆਂ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਵਰਗੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਸਾਰੇ ਜੁਡੀਸ਼ੀਅਲ ਅਫ਼ਸਰ ਅਤੇ ਸਟਾਫ ਮੈਂਬਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਪਟਿਆਲਾ ਵਿੱਚ ਸੰਵਿਧਾਨ ਬਚਾਓ ਦਿਵਸ ਮਨਾਇਆ
ਪਟਿਅਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਵਿੱਚ ਕਾਂਗਰਸ ਦੇ ਸ਼ਹਿਰੀ ਤੇ ਦਿਹਾਤੀ ਵੱਲੋਂ ਇਕੱਠਿਆਂ ਅੱਜ ਇੱਥੇ ਸੰਵਿਧਾਨ ਦਿਵਸ ਨੂੰ ਸੰਵਿਧਾਨ ਬਚਾਓ ਦਿਵਸ ਵਜੋਂ ਮਨਾਇਆ। ਪਟਿਆਲਾ ਦਿਹਾਤੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਦੀਆਂ ਲੋਕ ਹਿਤ ਵਿੱਚ ਜਾਣ ਵਾਲੀਆਂ ਮੱਦਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸ੍ਰੀਮਤੀ ਰੰਧਾਵਾ ਨੇ ਕਿਹਾ ਕਿ ਉਹ ਭਾਜਪਾ ਦੀ ਸੰਵਿਧਾਨ ਖ਼ਿਲਾਫ਼ ਕੋਈ ਕਾਰਵਾਈ ਬਰਦਾਸ਼ਤ ਨਹੀਂ ਕਰਨਗੇ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਹੱਕ ਲਗਾਤਾਰ ਭਾਜਪਾ ਵੱਲੋਂ ਖੋਹੇ ਜਾ ਰਹੇ ਹਨ। ਕਦੇ ਉਹ ਖੇਤੀ ਕਾਨੂੰਨ ਲਿਆ ਕੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ’ਤੇ ਸੱਟ ਮਾਰ ਰਹੀ ਹੈ, ਕਦੇ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਬੀ ਬੀ ਐੱਮ ਬੀ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਫ਼ ਹੋ ਗਿਆ ਹੈ ਕਿ ਭਾਜਪਾ ਸੂਬਿਆਂ ਦੇ ਹੱਕ ਖੋਹ ਕੇ ਆਪਣੇ ਹੱਥ ਵਿੱਚ ਕਰਨਾ ਚਾਹੁੰਦੀ ਹੈ ਜੋ ਸੰਘੀ ਢਾਂਚੇ ਤੇ ਬੜਾ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ ਪਰ ਭਾਪਜਾ ਬੋਲਣ ਦੀ ਅਜ਼ਾਦੀ ਨੂੰ ਵੀ ਖ਼ਤਮ ਕਰਨਾ ਚਾਹੁੰਦੀ ਹੈ, ਉਹ ਦੇਸ਼ ਵਿਚ ਸਹਿਮ ਫੈਲਾਉਣ ਦੀ ਰਾਜਨੀਤੀ ਕਰ ਰਹੀ ਹੈ ਪਰ ਕਾਂਗਰਸ ਕਿਸੇ ਵੀ ਹਾਲਤ ਵਿਚ ਭਾਰਤੀ ਜਨਤਾ ਪਾਰਟੀ ਦੀ ਇਸ ਨੀਤੀ ਤੋਂ ਡਰਨ ਵਾਲੀ ਨਹੀਂ ਹੈ। ਇਸ ਮੌਕੇ ਨਰੇਸ਼ ਦੁੱਗਲ, ਦੀਦਾਰ ਸਿੰਘ ਦੌਣ ਕਲਾਂ, ਜਸਵਿੰਦਰ ਸਿੰਘ ਰੰਧਾਵਾ ਤੇ ਹੋਰ ਮੌਜੂਦ ਸਨ।
