ਉਰਦੂ ਸ਼ਾਇਰ ਮੁਹੰਮਦ ਅਸ਼ਰਫ਼ ਨਾਲ ਰੂਬਰੂ
ਮਾਲਵਾ ਲਿਖਾਰੀ ਸਭਾ ਵੱਲੋਂ ਇੱਥੇ ਲੇਖਕ ਭਵਨ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਉਰਦੂ ਦੇ ਨਾਮਵਰ ਸ਼ਾਇਰ ਡਾ. ਮੁਹੰਮਦ ਅਸ਼ਰਫ਼ ਸਰੋਤਿਆਂ ਦੇ ਰੂਬਰੂ ਹੋਏ। ਸਮਾਗਮ ਦੀ ਪ੍ਰਧਾਨਗੀ ਡਾ. ਮੀਤ ਖੱਟੜਾ ਨੇ ਕੀਤੀ| ਨਾਵਲਕਾਰ ਸੁਖਵਿੰਦਰ ਸਿੰਘ ਬਾਲੀਆਂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਦੌਰਾਨ ਡਾ. ਮੁਹੰਮਦ ਅਸ਼ਰਫ਼ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਜਿਸ ਵਿੱਚ ਪਰਿਵਾਰ ਦਾ ਇੱਕ ਵੀ ਮੈਂਬਰ ਪੜ੍ਹਿਆ-ਲਿਖਿਆ ਨਹੀਂ ਸੀ ਪਰ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਦੇ ਸਹਾਰੇ ਪੰਜਾਬ ਭਰ ਵਿੱਚੋਂ ਮੋਹਰੀ ਰਹਿ ਕੇ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਉਰਦੂ ਵਿਭਾਗ ਦੇ ਮੁਖੀ ਵਜੋਂ ਨੌਕਰੀ ਹਾਸਲ ਕੀਤੀ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਡਾ. ਅਸ਼ਰਫ਼ ਨੇ ਕਿਹਾ ਕਿ ਵਧੀਆ ਸਾਹਿਤਕ ਸਿਰਜਣਾ ਲਈ ਵਧੀਆ ਸਾਹਿਤ ਪੜ੍ਹਨਾ ਲਾਜ਼ਮੀ ਹੈ। ਸਮਾਗਮ ਵਿੱਚ ਸਾਹਿਤਕਾਰ ਨੂਰ ਮੁਹੰਮਦ ਨੂਰ ਨੇ ਉਨ੍ਹਾਂ ਦੇ ਰੂ-ਬ-ਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ। ਸਮਾਗਮ ਦੌਰਾਨ ਰਾਜਿੰਦਰ ਸਿੰਘ ਰਾਜਨ ਦੀ ਬਾਲ ਕਹਾਣੀਆਂ ਦੀ ਪੁਸਤਕ ‘ਏਕਮ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਖੱਟੜਾ ਨੇ ਕਿਹਾ ਕਿ ਸ਼ਖ਼ਸੀਅਤ ਦੀ ਉਸਾਰੀ ਵਿੱਚ ਬਾਲ ਸਾਹਿਤ ਦੀ ਭੂਮਿਕਾ ਅਹਿਮ ਹੈ| ਡਾ. ਖੱਟੜਾ ਨੇ ਲੇਖਕ ਭਵਨ ਦੀ ਲਾਇਬਰੇਰੀ ਲਈ ਅਲਮਾਰੀ ਵੀ ਭੇਟ ਕੀਤੀ।
ਦੂਜੇ ਪੜਾਅ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ| ਕਰਮ ਸਿੰਘ ਜ਼ਖ਼ਮੀ ਨੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ|