ਅਧਿਆਪਕਾਂ ਦੀਆਂ ਤਰੱਕੀਆਂ ਲਟਕਾਉਣ ਦਾ ਦੋਸ਼
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਤੋਂ ਮਾਸਟਰ ਕਾਡਰ ਵਿੱਚ ਹੋਣ ਵਾਲੀਆਂ ਤਰੱਕੀਆਂ ਪਿਛਲੇ ਸੱਤ ਸਾਲਾਂ ਤੋਂ ਲਟਕ ਰਹੀਆਂ ਹਨ| ਕੁਝ ਵਿਸ਼ਿਆਂ ਦੀਆਂ ਪ੍ਰੋਮੋਸ਼ਨਾਂ ਹੋਏ ਤਾਂ ਲਗਭਗ 11-12 ਸਾਲ ਵੀ ਹੋ ਚੁੱਕੇ ਹਨ, ਪਰ ਸਿੱਖਿਆ ਵਿਭਾਗ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ| ਆਗੂਆਂ ਨੇ ਦੱਸਿਆ ਕਿ ਵਿਭਾਗ ਨੇ ਕਈ ਵਾਰ ਜਥੇਬੰਦੀ ਨਾਲ ਮੀਟਿੰਗ ਕਰਦੇ ਹੋਏ ਭਰੋਸਾ ਦਿੱਤਾ ਸੀ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੀਵਾਲ਼ੀ ਤੋਂ ਪਹਿਲਾਂ ਕਰ ਦਿੱਤੀਆਂ ਜਾਣਗੀਆਂ, ਪਰ ਅਜੇ ਤੱਕ ਉਨ੍ਹਾਂ ਦਾ ਭਰੋਸਾ ਸਿਰੇ ਨਹੀਂ ਚੜ੍ਹ ਸਕਿਆ| ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿਤ ਸਕੱਤਰ ਯਾਦਵਿੰਦਰ ਪਾਲ, ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਜਥੇਬੰਦਕ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਸਾਇੰਸ, ਗਣਿਤ, ਅੰਗਰੇਜ਼ੀ ਵਿਸ਼ਿਆਂ ਦੀਆਂ ਪ੍ਰੋਮੋਸ਼ਨਾਂ 2017-18 ਵਿੱਚ ਹੋਈਆਂ ਸਨ ਅਤੇ ਬਾਕੀ ਵਿਸ਼ਿਆਂ ਦੀਆਂ ਤਰੱਕੀਆਂ ਹੋਈਆਂ ਨੂੰ ਤਾਂ ਲਗਪਗ 12-13 ਸਾਲ ਹੋ ਗਏ ਹਨ| ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਹੋਣ ਵਾਲੀਆਂ ਤਰੱਕੀਆਂ ਦੀਆਂ ਲਿਸਟਾਂ ਕਾਫੀ ਸਮੇਂ ਤੋਂ ਤਿਆਰ ਪਈਆਂ ਹਨ ਪਰ ਸਿੱਖਿਆ ਵਿਭਾਗ ਉਹਨਾਂ ਨੂੰ ਜਾਰੀ ਕਰਨ ਲਈ ਪਤਾ ਨਹੀਂ ਕਿਸ ਗੱਲ ਦੀ ਉਡੀਕ ਕਰ ਰਿਹਾ ਹੈ| ਜਥੇਬੰਦੀ ਨੇ ਮੰਗ ਕੀਤੀ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਲੈਫਟ ਆਊਟ ਵਿੱਚ ਹੋਈਆਂ ਤਰੱਕੀਆਂ ਵਾਲੇ ਅਧਿਆਪਕਾਂ ਨੂੰ ਤੁਰੰਤ ਸਟੇਸ਼ਨਾਂ ਦੀ ਚੋਣ ਕਰਵਾਈ ਜਾਵੇ ਅਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਤਰੱਕੀਆਂ ਦੀਆਂ ਲਿਸਟਾਂ ਤੁਰੰਤ ਜਾਰੀ ਕੀਤੀਆਂ ਜਾਣ|
